ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੇਸ਼-ਵਿਦੇਸ਼ ਵਿੱਚ ਲਿਜਾਉਣ ਦੀ ਵਿਧੀ ਬਾਰੇ ਸੁਝਾਅ ਵਿਧੀ ਬਾਰੇ ਸੁ
ਜੁਲਾਈ 26, 2014
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ
ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ
ਸ੍ਰੀ ਅੰਮ੍ਰਿਤਸਰ |
ਵਿਸ਼ਾ: ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੇਸ਼-ਵਿਦੇਸ਼ ਵਿੱਚ ਲਿਜਾਉਣ ਦੀ ਵਿਧੀ ਬਾਰੇ ਸੁਝਾਅ
ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ||
ਸਨਿਮਰ ਬੇਨਤੀ ਹੈ ਕਿ SGPC ਦੇ 16 ਜੂਨ 2014 ਨੂੰ ਅਖਬਾਰਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਸ਼-ਵਿਦੇਸ਼ ਵਿੱਚ ਲਿਜਾਉਣ ਦੀ ਵਿਧੀ ਬਾਰੇ ਜੋ ਸੁਝਾਅ ਮੰਗੇ ਗਏ ਸਨ, ਉਸ ਦੇ ਸੰਦਰਭ ਵਿੱਚ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਆਪ ਜੀ ਨੂੰ ਆਪਣੀ ਰਾਏ ਤੋਂ ਹੇਠ ਲਿਖੇ ਅਨੁਸਾਰ ਜਾਣੂ ਕਰਵਾਉਂਦੀ ਹੈ:
ਅਸੀਂ ਮਹਿਸੂਸ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਉਦੋਂ ਸ਼ੁਰੂ ਹੋਵੇ ਜਦੋਂ ਉਹ ਆਪਣੇ ਮਿੱਥੇ ਅਸਥਾਨ (ਘਰ ਜਾਂ ਗੁਰਦੁਆਰਾ) ਤੇ ਪਹੁੰਚ ਜਾਣ ਅਤੇ ਉਹਨਾਂ ਅੱਗੇ ਅਰਦਾਸ ਅਤੇ ਹੁਕਮਨਾਮਾ ਲੈਣ ਤੇ ਪ੍ਰਕਾਸ਼ ਹੋ ਜਾਵੇ | ਉਦੋਂ ਤੱਕ ਇਹ ਇਕ ਪਵਿੱਤਰ ਗ੍ਰੰਥ ਹੈ | ਕਿਉਂਕਿ ਸਾਨੂੰ ਕਿਤੇ ਨਾ ਕਿਤੇ ਤਾਂ ਖੜ੍ਹਨਾ ਪਵੇਗਾ | ਕਿਉਂਜੋ ਗੁਰੂ ਗ੍ਰੰਥ ਸਾਹਿਬ ਦੇ ਅਸਲ ਸਰੂਪ ਵਿੱਚ ਆਉਣ ਤੋਂ ਪਹਿਲਾਂ ਹਰ ਸਫਾ/ਅੰਗ ਪ੍ਰਿਟਿੰਗ, ਬਾਇੰਡਿਗ ਅਤੇ ਸਟੋਰੇਜ਼ ਦੇ ਦੌਰਾਨ ਵੱਖ-ਵੱਖ ਥਾਵਾਂ ਅਤੇ ਅਵਸਥਾਵਾਂ ਵਿੱਚੋਂ ਵਿਚਰਦਾ ਹੈ |
ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚਾਹੇ ਇਕਲਾ ਜਾਂ ਬਹੁ ਗਿਣਤੀ ਵਿੱਚ ਲਿਜਾਣਾ ਹੋਵੇ, ਹਰੇਕ ਸਰੂਪ ਦੀ ਪੈਕਿੰਗ ਵੱਖਰੀ ਵੱਖਰੀ ਹੋਵੇ ਅਤੇ ਹਰ ਪੈਕਿੰਗ ਵਿੱਚ ਲੋੜੀਂਦਾ ਸਮਾਨ ਜਿਵੇਂ ਕਿ ਰੁਮਾਲੇ ਆਦਿ ਵੀ ਹੋਣ | ਫਿਰ ਚਾਹੇ ਇਹ ਸਰੂਪ ਇਕੱਠੇ ਪੈਕ ਕਰ ਦਿੱਤੇ ਜਾਣ|
ਜਿੱਥੋਂ ਤੱਕ ਕੇ ਵਿਅਕਤੀਗਤ ਤੌਰ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣ ਦਾ ਸਵਾਲ ਹੈ, ਇਕ ਸ਼ਰਧਾਵਾਨ ਸਿੱਖ ਨੂੰ ਬੱਸ, ਰੇਲਗੱਡੀ ਜਾਂ ਹਵਾਈ ਜਹਾਜ ਰਾਹੀਂ ਆਪਣੇ ਨਿੱਜੀ ਸਮਾਨ ਵਿੱਚ ਲਿਜਾਣ ਦੀ ਆਗਿਆ ਹੋਵੇ, ਅਤੇ ਬੁੱਕ ਕੀਤੇ ਸਮਾਨ ਵਿੱਚ ਨਾ ਲੈ ਕੇ ਜਾਵੇ |
ਬਹੁ ਗਿਣਤੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਜਾਣ ਲਈ ਦੋ ਹੇਠ ਲਿਖੇ ਸੁਝਾਅ ਹਨ:
1) ਜਾਂ ਤਾਂ SGPC ਆਪਣੇ ਅਧਿਕਾਰਤ ਦਫਤਰ ਘੱਟੋ-ਘੱਟ ਹਰ ਉਪ-ਮਹਾਂਦੀਪ ਵਿੱਚ ਖੋਲੇ ਜਿੱਥੇ ਕਿ ਕੰਪਿਊਟਰ ਰਾਹੀਂ ਸਾਫਟ ਕਾਪੀ ਭੇਜੀ ਜਾਵੇ ਤਾਂ ਜੋ ਉਸ ਵਿੱਚ ਕਿਸੇ ਕਿਸਮ ਦੀ ਬਦਲਾਅ ਦੀ ਸੰਭਾਵਨਾ ਨਾ ਰਹੇ| ਉਥੇ ਹੀ ਉਸ ਦੇ ਪਿੰ੍ਰਟ ਲੈ ਕੇ ਬਾਇੰਡਿੰਗ ਕਰਵਾਈ ਜਾਵੇ |
2) ਦੂਸਰਾ, SGPC ਹਵਾਈ ਜਹਾਜ, ਸਮੁੰਦਰੀ ਜਹਾਜ, ਅਤੇ ਰੇਲ ਆਦਿ ਕੰਪਨੀਆਂ ਨਾਲ ਸੰਪਰਕ ਕਰੇ ਅਤੇ ਮੰਗ ਕੀਤੀ ਜਾਵੇ ਕਿ ਪਵਿੱਤਰ ਧਾਰਮਿਕ ਪੁਸਕਤਾਂ ਨੂੰ ਸਤਿਕਾਰ ਨਾਲ ਲਿਜਾਣ ਵਾਸਤੇ ਵੱਖਰਾ ਅਤੇ ਖਾਸ ਪ੍ਰਬੰਧ ਕੀਤਾ ਜਾਵੇ | ਜਿਵੇਂ ਕਿ ਨਾਜ਼ੁਕ ਵਸਤੂਆਂ ਨੂੰ ਲਿਜਾਣ ਲਈ ਉਹਨਾਂ ਉਪਰ ਇਕ ਸਟਿੱਕਰ (Handle with Care) ਲਗਾ ਦਿੱਤਾ ਜਾਂਦਾ ਹੈ ਅਤੇ ਖਾਸ ਧਿਆਨ ਰੱਖਿਆ ਜਾਂਦਾ ਹੈ ਉਵੇਂ ਹੀ ਇਨ੍ਹਾਂ ਉਪਰ ..Handle with Reverence ਦਾ ਸਟਿੱਕਰ ਲਾ ਕੇ ਇਨ੍ਹਾਂ ਨੂੰ ਅਵਾਜਾਈ ਦੀ ਹਰ ਸਟੇਜ ਤੇ ਸਤਿਕਾਰ ਨਾਲ ਸਾਂਭਿਆ / ਰੱਖਿਆ ਜਾਵੇ |
ਆਦਰ ਸਹਿਤ,
ਪੰਥ ਦੇ ਦਾਸ,
(ਬਰਿੰਦਰਾ ਕੌਰ)
ਪ੍ਰਧਾਨ