ਸੇਵਾ ਵਿਖੇ 

ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ, 

ਵਿਸ਼ਾ: ਭਾਰਤ ਦੇ ਵਿਧਾਨ ਦੀ ਧਾਰਾ 25 ਕਾਨੂਨੀ ਤੌਰ ਤੇ ਸਿੱਖਾਂ ਨੂੰ ਹਿੰਦੂ ਕਰਾਰ ਦਿੰਦੀ ਹੈ | ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਸਿੱਖ ਹਿੰਦੂ ਧਰਮ ਦਾ ਇਕ ਹਿੱਸਾ ਹਨ | ਕਾਨੂੰਨੀ ਤੌਰ ਤੇ ਸਿੱਖ ਧਰਮ ਦੀ ਕੋਈ ਆਜ਼ਾਦ ਹਸਤੀ ਨਹੀਂ | ਸਿੱਖ ਹਿੰਦੂ ਹਨ ਇਸੇ ਲਈ ਹਿੰਦੂਆਂ ਦੇ ਸਾਰੇ ਕਾਨੂੰਨ ਸਿੱਖਾਂ ਤੇ ਲਾਗੂ ਹਨ ਅਤੇ ਮੁਸਲਮਾਨਾਂ, ਇਸਾਈਆਂ, ਪਾਰਸੀਆਂ ਵਾਂਗ ਸਿੱਖਾਂ ਦੇ ਆਪਣੇ ਕਾਨੂੰਨ ਨਹੀਂ ਅਤੇ ਨਾ ਹੀ ਬਣ ਸਕਦੇ ਹਨ, ਜਦ ਤੱਕ ਧਾਰਾ 25 ਦੀ ਸੋਧ ਨਹੀਂ ਹੁੰਦੀ | 

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ||

ਸਿੰਘ ਸਾਹਿਬ ਜੀ,

ਬੇਨਤੀ ਹੈ ਕਿ ਚੰਡੀਗੜ੍ਹ ਵਿੱਚ ਇਹ ਸੰਸਥਾ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਸਿੱਖ ਧਰਮ ਦੇ ਹਿਤਾਂ ਤੇ ਪਹਿਰਾ ਦੇਣ ਲਈ ਬਣੀ ਹੋਈ ਹੈ | ਇਸ ਸੰਸਥਾ ਦੇ ਮੈਂਬਰ ਰੀਟਾਇਰਡ ਜਰਨੈਲ, ਜੱਜ, ਵਾਇਸ ਚਾਂਸਲਰ ਡੀ ਸੀ ਵਿਦਵਾਨ ਅਤੇ ਬੁੱਧੀਮਾਨ ਲਏ ਜਾਂਦੇ ਹਨ | ਪਿਛਲੇ 20 ਸਾਲਾਂ ਤੋਂ ਇਹ ਸੰਸਥਾ ਸਿੱਖ ਧਰਮ ਵਿਰੁਧ ਹੋ ਰਹੇ ਭੰਡੀ ਪ੍ਰਚਾਰ ਦਾ ਜਵਾਬ ਅਖਬਾਰਾਂ, ਰਸਾਲਿਆਂ ਵਿੱਚ ਲੇਖ ਲਿਖ ਕੇ, ਪ੍ਰੈਸ ਕਾਨਫਰੰਸਾਂ ਕਰਕੇ, ਇਕੱਠਾਂ ਵਿੱਚ ਲੈਕਚਰ ਕਰਕੇ, ਤੇ ਕਿਤਾਬਾਂ ਛਾਪ ਕੇ ਦੇ ਰਹੀ ਹੈ | ਸਿੱਖ ਧਰਮ ਦੀ ਹਰ ਹੀਲੇ ਚੜ੍ਹਦੀ ਕਲਾ ਲਈ ਯਤਨਸ਼ੀਲ ਹੈ | ਇਸ ਦਾ ਆਪਣਾ ਰਸਾਲਾ ਵੀ ਹੈ, ਜੋ ਸੰਸਾਰ ਦੇ ਕੋਨੇ ਕੋਨੇ ਵਿੱਚ ਪੁੱਜਦਾ ਕੀਤਾ ਜਾਂਦਾ ਹੈ | ਇਹ ਸੁਲਝੇ ਹੋਏ ਨਿਸ਼ਕਾਮ ਬੁੱਧੀਜੀਵੀ ਗੁਰ ਸਿੱਖਾਂ ਦੀ, ਸਿਆਸਤ ਤੋਂ ਦੂਰ ਰਹਿਣ ਵਾਲੀ ਅਤੇ ਧਰਮ ਦੇ ਰੰਗ ਵਿੱਚ ਰੰਗੀ ਹੋਈ ਸੰਸਥਾ ਹੈ | ਰਸਾਲੇ ਦੀ ਕਾਪੀ ਆਪ ਜੀ ਨੂੰ ਭੇਜੀ ਜਾ ਰਹੀ ਹੈ |

ਅੰਗ੍ਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਭਾਰਤੀ ਹਾਕਮਾਂ ਨੇ ਵਿਧਾਨ ਬਣਾਉਣ ਵਾਸਤੇ ਇਕ ਸਭਾ ਬਣਾਈ ਜਿਸ ਵਿੱਚ ਦੋ ਸਿੱਖ ਮੈਂਬਰ ਲਏ ਗਏ | ਵਿਧਾਨ ਦੀ ਇਕ ਧਾਰਾ ਦੀ ਬੜੀ ਗੁੰਝਲਦਾਰ ਸ਼ਬਦਾਵਲੀ ਬਣਾਈ ਗਈ | ਸਿੱਖ ਮੈਂਬਰਾਂ ਨੇ ਇਸ ਧਾਰਾ 25 ਨੂੰ ਸਿੱਖ ਧਰਮ ਲਈ ਖਤਰਨਾਕ ਸਮਝ ਕੇ ਇਸ ਨੂੰ ਠੀਕ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ | ਬਹੁ-ਗਿਣਤੀ ਨੇ ਸਚਾਈ ਤੇ ਨਿਆਂ ਦਾ ਕੋਈ ਖਿਆਲ ਨਾ ਕੀਤਾ | ਸਿੱਖ ਮੈਂਬਰਾਂ ਨੇ ਰੋਸ ਵਜੋਂ ਵਿਧਾਨ ਦੇ ਖਰੜੇ ਤੇ ਦਸਤਖਤ ਨਾ ਕੀਤੇ | ਭਾਰਤੀ ਵਿਧਾਨ ਨੂੰ ਸਿੱਖ ਕੌਮ ਵਲੋਂ ਕੋਈ ਮਾਨਤਾ ਪ੍ਰਾਪਤ ਨਹੀਂ ਹੈ | ਸਿੱਖ ਸਮੇਂ ਸਮੇਂ ਭਾਰਤੀ ਵਿਧਾਨ ਦੇ ਵਿਰੁਧ ਰੋਸ ਮੁਜਾਹਰਾ ਕਰਦੇ ਰਹੇ | ਭਾਰਤੀ ਹਾਕਮ ਸਿੱਖਾਂ ਨੂੰ ਇਹ ਕਹਿ ਕੇ ਪਰਚਾਉਂਦੇ ਰਹੇ ਕਿ ਧਾਰਾ 25 ਵਿੱਚ ਸਿੱਖਾਂ ਵਿਰੁੱਧ ਕੁਝ ਨਹੀਂ, ਇਹ ਧਾਰਾ ਸਿੱਖਾਂ ਨੂੰ ਧਰਮ ਦੇ ਕਈ ਹੱਕ ਦਿੰਦੀ ਹੈ | ਸਿੱਖ ਵਿਰੋਧੀ ਪਰੋਪੇਗੰਡੇ ਅਤੇ ਗੁੰਝਲਦਾਰ ਸ਼ਬਦਾਵਲੀ ਨੇ ਐਸੇ ਹਾਲਾਤ ਪੈਦਾ ਕਰ ਦਿੱਤੇ ਕਿ ਬੜੇ ਸਿਆਣੇ ਤੇ ਕਾਨੂੰਨ ਦੇ ਮਾਹਰ ਸਿੱਖਾਂ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਧਾਰਾ 25 ਸਿੱਖਾਂ ਦਾ ਕੋਈ ਨੁਕਸਾਨ ਨਹੀਂ ਕਰਦੀ | ਸਿਆਣੇ ਸੂਝਵਾਨ ਤੇ ਪੰਥ ਦਰਦੀ ਸਿੱਖਾਂ ਨੇ ਧਾਰਾ 25 ਵਿਰੁਧ ਆਪਣੇ ਯਤਨ ਜਾਰੀ ਰੱਖੇ | ਇਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਸਿਆਣੇ ਤੇ ਨਰਮ-ਖਿਆਲੀ ਲੀਡਰ ਨੇ ਵਿਧਾਨ ਦੀ ਸਿੱਖ ਵਿਰੋਧੀ ਧਾਰਾ 25 ਨੂੰ ਰੋਸ ਮੁਜਾਹਰੇ ਵਜੋਂ ਦਿੱਲੀ ਵਿਖੇ ਫੂਕਿਆ ਸੀ | 

ਭਾਰਤ ਸਰਕਾਰ ਨੇ ਆਪਣੇ 22-2-2000 ਦੇ ਫੈਸਲੇ ਅਨੁਸਾਰ ਇਕ ਬਹੁਤ ਉਚ ਪੱਧਰੀ 11 ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਕਿ ਇਹ ਕਮਿਸ਼ਨ ਵਿਧਾਨ ਵਿੱਚ ਸੋਧਾਂ ਕਰਨ ਵਾਸਤੇ ਸਿਫਾਰਸ਼ਾਂ ਕਰੇ | ਇਹ ਕਮਿਸ਼ਨ ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ, ਹੋਰ ਜੱਜਾਂ ਤੇ ਕਾਨੂੰਨੀ ਮਾਹਰਾਂ ਤੇ ਆਧਾਰਤ ਸੀ | ਸਿੱਖ ਸੰਗਠਨਾਂ ਨੇ ਧਾਰਾ 25 ਵਿੱਚ ਸੋਧ ਕਰਨ ਵਾਸਤੇ ਕਮਿਸ਼ਨ ਨੂੰ ਠੋਸ ਦਲੀਲਾਂ ਦਿੱਤੀਆਂ | ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਨੇ ਵੀ ਲਿਖਤੀ ਤੇ ਜੁਬਾਨੀ ਤੌਰ ਤੇ ਇਸ ਕਮਿਸ਼ਨ ਅੱਗੇ ਆਪ ਕੇਸ ਪੇਸ਼ ਕੀਤਾ ਸੀ | ਕਮਿਸ਼ਨ ਨੂੰ ਸਿੱਖਾਂ ਦੀਆਂ ਦਲੀਲਾਂ ਠੀਕ ਲੱਗੀਆਂ ਤੇ ਕਮਿਸ਼ਨ ਨੇ ਧਾਰਾ 25 ਦੀ ਸੋਧ ਦੀ ਸਿਫਾਰਸ਼ ਕਰ ਦਿੱਤੀ | ਇਹ ਸਿਫਰਾਸ਼ ਭਾਰਤ ਸਰਕਾਰ ਪਾਸ 10 ਸਾਲ ਤੋਂ ਪਈ ਹੈ ਤੇ ਇਸ ਤੇ ਭਾਰਤ ਸਰਕਾਰ ਨੇ ਕੋਈ ਅਮਲ ਨਹੀਂ ਕੀਤਾ | 

8-8-2005 ਨੂੰ ਸੁਪਰੀਮ ਕੋਰਟ ਦੇ 11 ਮੈਂਬਰੀ ਬੈਂਚ ਜਿਸ ਦੀ ਪ੍ਰਧਾਨਗੀ ਮੁੱਖੀ ਜੱਜ ਕਰ ਰਹੇ ਸਨ ਨੇ ਇਕ ਕੇਸ ਦਾ ਫੈਸਲਾ ਕਰਦੇ ਹੋਏ ਕਹਿ ਦਿੱਤਾ ਕਿ ਸਿੱਖ ਹਿੰਦੂ ਧਰਮ ਦਾ ਇਕ ਹਿੱਸਾ ਹਨ | ਸੁਪਰੀਮ ਕੋਰਟ ਦਾ ਇਹ ਫੈਸਲਾ ਧਾਰਾ 25 ਤੇ ਅਧਾਰਿਤ ਹੈ | ਇਸ ਫੈਸਲੇ ਨੇ ਧਾਰਾ 25 ਦੀ ਗੁੰਝਲਦਾਰ ਸ਼ਬਦਾਵਲੀ ਦਾ ਪਰਦਾ ਫਾਸ਼ ਕਰ ਦਿੱਤਾ | ਹੁਣ ਬਿਲਕੁਲ ਚਾਨਣਾ ਹੋ ਗਿਆ ਹੈ ਕਿ ਧਾਰਾ 25 ਸਿੱਖ ਧਰਮ ਦੀ ਆਜ਼ਾਦ ਤੇ ਨਿਰਮਲ ਹਸਤੀ ਖਤਮ ਕਰਕੇ ਇਸ ਨੂੰ ਹਿੰਦੂ ਧਰਮ ਦਾ ਹਿੱਸਾ / ਫਿਰਕਾ/ ਸ਼੍ਰੇਣੀ/ਭਾਗ ਬਣਾਉਂਦੀ ਹੈ | ਸੁਪਰੀਮ ਕੋਰਟ ਦਾ 11 ਮੈਂਬਰੀ ਬੈਂਚ ਜਿਸ ਦਾ ਪ੍ਰਧਾਨ ਮੁਖੀ ਜੱਜ ਹੋਵੇ, ਦੇ ਵਿਰੁੱਧ ਕੋਈ ਅਪੀਲ ਨਹੀਂ ਅਤੇ ਨਾ ਹੀ ਕਿਸੇ ਹੋਰ ਥਾਂ ਤੋਂ ਸਪਸ਼ਟੀਕਰਨ ਲੈਣ ਦੀ ਗੁੰਜਾਇਸ਼ ਹੈ | 8-8-2005 ਦੇ ਫੈਸਲੇ ਨੇ ਦੁਪਹਿਰ ਦੇ ਚਾਨਣ ਵਾਂਗ ਇਹ ਸਪਸ਼ਟ ਕਰ ਦਿੱਤਾ ਹੈ ਕਿ ਵਿਧਾਨ ਦੀ ਧਾਰਾ 25 ਸਿੱਖ ਧਰਮ ਨੂੰ ਖਤਮ ਕਰਕੇ ਹਿੰਦੂ ਧਰਮ ਦਾ ਇਕ ਭਾਗ ਬਣਾਉਂਦੀ ਹੈ ਤੇ ਸਾਨੂੰ ਉਸ ਮਲਗੋਭੇ ਵਿੱਚ ਸੁਟਦੀ ਹੈ ਜਿੱਥੋਂ ਸਾਡੇ ਗੁਰੂ ਸਾਹਿਬਾਨ ਨੇ ਢਾਈ ਸੌ ਸਾਲ ਅਣਥੱਕ ਯਤਨ ਕਰਕੇ, ਆਪਣੀਆਂ ਸ਼ਹੀਦੀਆਂ ਦੇ ਕੇ, ਸਰਬੰਸ ਵਾਰ ਕੇ, ਸਾਨੂੰ ਕੱਢਿਆ ਸੀ ਤੇ ਨਿਰਮਲ ਤੇ ਨਿਆਰਾ ਖਾਲਸਾ ਸਾਜਿਆ ਸੀ | ਖਾਲਸੇ ਨੇ ਸੌ ਸਾਲ ਆਪਣਾ ਖੂਨ ਡੋਲ ਕੇ ਵਿਦੇਸ਼ੀ ਹਾਕਮਾਂ ਨੂੰ ਭਾਜਣਾਂ ਪਾਈਆਂ ਤੇ ਖੇਬਰੋਂ (ਦਰਾ ਖੈਬਰ) ਪਾਰ ਭਜਾ ਦਿੱਤਾ | ਪਰ ਅਫਸੋਸ ਦੀ ਗੱਲ ਹੈ ਕਿ ਨਕਲੀ ਦੇਸ਼ ਭਗਤ ਪੂਰਬ ਵਲੋਂ ਨਵੀਂ ਕਿਸਮ ਦੇ ਹਮਲਾਵਰ ਲੈ ਆਏ ਤੇ ਉਹਨਾਂ ਨਾਲ ਮਿਲ ਕੇ ਖਾਲਸਾ ਰਾਜ ਖਤਮ ਕੀਤਾ | ਹੁਣ ਨਕਲੀ ਦੇਸ਼ ਭਗਤ ਖਾਲਸੇ ਨੂੰ ਖਤਮ ਕਰਨ ਵਿੱਚ ਰੁੱਝੇ ਹੋਏ ਹਨ | 

8-8-2005 ਦੇ ਸੁਪਰੀਮ ਕੋਰਟ ਦੇ ਫੈਸਲੇ ਨੇ, ਜਿਸ ਨੇ ਸਪਸ਼ਟ ਕਰ ਦਿੱਤਾ ਕਿ ਸਿੱਖ ਹਿੰਦੂਆਂ ਦਾ ਇਕ ਭਾਗ ਹਨ ਤੇ ਵਿਚਾਰ ਕਰਨ ਲਈ ਸਾਡੀ ਸੰਸਥਾ ਨੇ 10-9-2005 ਨੂੰ ਇੱਕ ਇਕੱਠ ਕੀਤਾ, ਜਿਸ ਵਿੱਚ ਸਿੱਖ ਸੰਸਥਾਵਾਂ ਤੇ ਗੁਰਦੁਆਰਿਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ | ਇਕੱਠ ਵਿੱਚ ਰੀਟਾਇਰਡ ਜਰਨੈਲਾਂ ਤੇ ਡੀ.ਸੀਆਂ ਨੇ ਆਪਣੇ ਵਿਚਾਰ ਰੱਖੇ | ਸਾਡੀ ਸੰਸਥਾ ਨੇ ਇਸ ਵਿਸ਼ੇ ਤੇ ਐਡੀਟੋਰੀਅਲ ਛਾਪੇ ਤੇ ਇਕ ਸਬ-ਕਮੇਟੀ ਸਥਾਪਿਤ ਕੀਤੀ | ਸਬ-ਕਮੇਟੀ ਨੇ ਬਹੁਤ ਖੋਜ ਕੀਤੀ, ਦੇਸ਼ ਵਿਦੇਸ਼ ਵਿੱਚ ਪਰਚੱਲਿਤ ਰਸਾਲਿਆਂ ਵਿੱਚ ਬਹੁਤ ਲੇਖ ਲਿਖੇ ਗਏ | 

ਸਾਡੇ ਇਕ ਮੈਂਬਰ ਨੇ ਸਾਨੂੰ ਹਿੰਦੂ ਕਹੇ ਤੇ ਲਿਖੇ ਜਾਣ ਬਾਰੇ ਹਾਈ ਕੋਰਟ ਵਿੱਚ ਕੇਸ ਕੀਤਾ | ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਧਾਰਾ 25 ਪੜ੍ਹਨ ਵਾਸਤੇ ਕਿਹਾ | ਇਸ ਵਕਤ ਸਾਰੇ ਹਿੰਦੂ ਕਾਨੂੰਨ ਸਾਡੇ ਤੇ ਲਾਗੂ ਹਨ | ਕੋਈ ਸਿੱਖ ਵਿਰਾਸਤ ਐਕਟ ਨਹੀਂ | ਸਿੱਖਾਂ ਨੂੰ ਹਿੰਦੂ ਮੰਨ ਕੇ ਉਹਨਾਂ ਨੂੰ ਆਪਣੇ ਬਾਪ ਦੀ ਜਾਇਦਾਦ ਮਿਲਦੀ ਹੈ | ਇਸ ਤਰ੍ਹਾਂ ਹੋਰ ਕਈ ਕਾਨੂੰਨ ਸਿੱਖਾਂ ਤੇ ਲਾਗੂ ਹਨ | ਮੁਸਲਮਾਨ, ਯਹੂਦੀ, ਈਸਾਈ, ਪਾਰਸੀ ਵਗੈਰਾ ਦੇ ਸ਼ਾਦੀ, ਜਾਇਦਾਦ (ਵਿਰਾਸਤ), ਤਲਾਕ, ਇੰਨਕਮ ਟੈਕਸ ਤੋ ਹੋਰ ਕਈ ਮਾਮਲਿਆਂ ਬਾਰੇ ਆਪਣੇ ਕਾਨੂੰਨ ਹਨ, ਪਰ ਸਿੱਖਾਂ ਦੇ ਆਪਣੇ ਕਾਨੂੰਨ ਨਹੀਂ | ਜਿਤਨੀ ਦੇਰ ਧਾਰਾ 25 ਵਿੱਚ ਸੋਧ ਕਰਕੇ ਸਿੱਖ ਤੇ ਹਿੰਦੂ ਵੱਖਰੇ ਧਰਮ ਨਹੀਂ ਮੰਨੇ ਜਾਂਦੇ, ਸਿੱਖ ਹਿੰਦੂ ਹੀ ਰਹਿਣਗੇ | 

ਦੋ ਸਿੱਖ ਮੈਂਬਰ ਪਾਰਲੀਮੈਂਟ ਸਰਦਾਰ ਤਰਲੋਚਨ ਸਿੰਘ ਤੇ ਸਰਦਾਰ ਰਤਨ ਸਿੰਘ ਨੇ ਪਰਾਈਵੇਟ ਬਿਲ ਪੇਸ਼ ਕਰਕੇ ਧਾਰਾ 25 ਦੀ ਸੋਧ ਕਰਵਾਉਣ ਦਾ ਉਪਰਾਲਾ ਕੀਤਾ ਹੈ | ਪਰ ਪ੍ਰਾਈਵੇਟ ਬਿਲ ਦੀ ਵਿੱਧੀ ਔਖੀ ਹੈ ਤੇ ਬਿਲ ਖਤਮ ਹੋ ਕੇ ਰਹਿ ਜਾਂਦਾ ਹੈ | 

ਸਾਡੀ ਸੰਸਥਾ ਬੁੱਧੀਜੀਵੀਆਂ ਵਿੱਚ ਕਾਫੀ ਪ੍ਰਚਾਰ ਕਰ ਚੁੱਕੀ ਹੈ ਕਿ ਧਾਰਾ 25 ਸਿੱਖਾਂ ਨੂੰ ਹਿੰਦੂ ਕਹਿ ਕੇ ਕਿਵੇਂ ਸਿੱਖ ਧਰਮ ਦੀ ਨਿਆਰੀ, ਨਿਰਮਲ ਤੇ ਆਜ਼ਾਦ ਹੋਂਦ ਨੂੰ ਖਤਮ ਕਰਦੀ ਹੈ | ਹੁਣ ਲੋੜ ਹੈ ਕਿ ਆਮ ਸਿੱਖ ਸੰਗਤ ਨੂੰ ਵੀ ਚਾਨਣਾ ਪਾਇਆ ਜਾਏ ਕਿ ਧਾਰਾ 25 ਸਿੱਖਾਂ ਨੂੰ ਕਿਵੇਂ ਹਿੰਦੂ ਬਣਾਉਂਦੀ ਹੈ | 

ਅਸੀਂ ਤੁਹਾਡੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ ਸਾਹਿਬ ਗੁਰਬਾਣੀ ਵਿੱਚ ਸ਼ਪਸ਼ਟ ਸ਼ਬਦਾਂ ਵਿੱਚ ਘੋਸ਼ਣਾ ਕਰ ਰਹੇ ਹਨ ਕਿ ''ਨਾ ਹਮ ਹਿੰਦੂ ਨਾ ਮੁਸਲਮਾਨ'' (ਭੈਰੋਂ ਮ. 5, ਅੰਕ 1136) ਤਾਂ ਫੇਰ ਭਾਰਤ ਦੇ ਹਾਕਮਾਂ ਨੂੰ ਇਹ ਹੱਕ ਕਿੱਥੋਂ ਮਿਲਿਆ ਕਿ ਉਹ ਸਿੱਖਾਂ ਨੂੰ ਹਿੰਦੂ ਬਣਾ ਦੇਣ | ਕਿਸੇ ਧਰਮ ਬਾਰੇ ਵਿਆਖਿਆ ਕਰਨ ਜਾਂ ਸਪਸ਼ਟੀਕਰਨ ਦੇਣ ਦਾ ਹੱਕ ਉਸ ਧਰਮ ਦੇ ਸਾਜਣ ਵਾਲੇ ਦਾ ਹੈ | ਹਾਕਮਾਂ ਜਾਂ ਸਿਆਸਤਦਾਨਾਂ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਧਰਮ ਬਾਰੇ ਦਖਲਅੰਦਾਜ਼ੀ ਕਰਨ | ਇਹ ਕੰਮ ਤਾਂ ਮੁਗਲਾਂ ਨੇ ਵੀ ਨਹੀਂ ਕੀਤਾ | ਸਿੱਖ ਧਰਮ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਰਚਿਆ ਹੈ | ਗੁਰਬਾਣੀ ਸਾਡਾ ਚਾਨਣ ਮੁਨਾਰਾ ਹੈ ਤੇ ਸਾਰੀ ਸੇਧ ਗੁਰਬਾਣੀ ਤੋਂ ਲੈਣੀ ਹੈ | ਖਾਲਸੇ ਨੂੰ ਮਨੁਵਾਦੀ ਬ੍ਰਾਹਮਣ ਅਧੀਨ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ | ਇਹ ਕਿੱਥੋਂ ਦੀ ਧਰਮ ਨਿਰਪੱਖਤਾ ਤੇ ਜਮਹੂਰੀਅਤ ਹੈ ? ਮਿਹਰਬਾਨੀ ਕਰਕੇ ਇਹ ਵੀ ਵਿਚਾਰ ਲਿਆ ਜਾਵੇ ਕਿ ਸਿਆਸਤਦਾਨਾਂ ਦਾ ਖਾਲਸੇ ਨੂੰ ਗੁਰਬਾਣੀ ਤੇ ਗੁਰੂ ਦੀ ਸਪਸ਼ਟ ਘੋਸ਼ਣਾ ਦੇ ਉਲਟ ਹਿੰਦੂ ਕਹਿਣਾ ਤੇ ਬਣਾਉਣਾ ਗੁਰੂ ਸਾਹਿਬ ਤੇ ਗੁਰਬਾਣੀ ਦੀ ਬੇਅਦਬੀ ਤਾਂ ਨਹੀਂ ? ਇਸ ਬਾਰੇ ਨਿਰਨਾ ਸਿਰਫ ਆਪ ਜੀ ਹੀ ਲੈ ਸਕਦੇ ਹੋ | 

ਅਸੀਂ ਜਿਤਨੀ ਖੋਜ ਕੀਤੀ ਹੈ ਆਪ ਜੀ ਦੇ ਧਿਆਨ ਵਿੱਚ ਪੇਸ਼ ਕਰ ਦਿੱਤੀ ਗਈ ਹੈ | ਤੁਸੀਂ ਖਾਲਸੇ ਨੂੰ ਡੂੰਘੀ ਘੋਖ ਵਿਚਾਰ ਕਰਕੇ ਸੇਧ ਦੇਣ ਦੀ ਕ੍ਰਿਪਲਤਾ ਕਰੋ | ਤੁਸੀਂ ਜੋ ਵੀ ਸਪਸ਼ਟੀਕਰਨ ਚਾਹੋ, ਸਾਡੇ ਵਿਦਵਾਨ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣਗੇ  |

ਸਤਿਕਾਰ ਸਹਿਤ, 

ਪੰਥ ਦਾ ਸ਼ੁਭਚਿੰਤਕ

(ਭਾਈ ਅਸ਼ੋਕ ਸਿੰਘ)
ਸਪੋਕਸਮੈਨ, ਇੰਸਟੀਚਿਊਟ ਆਫ ਸਿੱਖ ਸਟੱਡੀਜ਼
ਚੰਡੀਗੜ੍ਹ