Home

  News & Views

  Journal

  Seminars

  Publications

  I S C

  Research Projects

  About Us

  Contacts

Gur Panth Parkash

Gur Panth Parkash
by Rattan Singh Bhangoo
Translated by
Prof Kulwant Singh

 

BACK

 

ਗੁਰਬਾਣੀ ਵਿਆਖਿਆਕਾਰੀ: ਪਰੰਪਰਾ ਅਤੇ ਵਰਤਮਾਨ

ਡਾ. ਗੁਰਮੇਲ ਸਿੰਘ*

ਗੁਰਬਾਣੀ ਵਿਆਖਿਆਕਾਰੀ ਪਰੰਪਰਾ ਦਾ ਇਤਿਹਾਸ, ਇਤਿਹਾਸਕ ਕਾਲ-ਖੰਡ ਦੀਆਂ ਲਗਪਗ ਪੰਜ ਸਦੀਆਂ ਦੇ ਕੈਨਵਸ ਉਤੇ ਫੈਲਿਆ ਹੋਇਆ ਹੈ। ਇਸ ਲੰਮੇ ਕਾਲ-ਖੰਡ ਨੂੰ ਵਿਧੀਵਤ ਰੂਪ ਵਿਚ ਗ੍ਰਹਿਣ ਕਰਨਾ ਜੇ ਅਸੰਭਵ ਨਹੀਂ ਤਾਂ ਔਖਾ ਜਰੂਰ ਹੈ। ਹਥਲੀ ਛੋਟੀ ਜਿਹੀ ਕੋਸ਼ਿਸ਼ ਵਿਚ ਪੰਜ ਸਦੀਆਂ ਦੇ ਵਖ-ਵਖ ਸਮੇਂ-ਬਿੰਦੂਆਂ ਉਤੇ ਹੋਂਦ ਵਿਚ ਆਏ ਗੁਰਬਾਣੀ ਵਿਆਖਿਆਤਮਕ ਜਤਨਾਂ ਦਾ ਇਤਿਹਾਸਕ ਸਰਵੇਖਣ; ਗ੍ਰਹਿਣਯੋਗ ਬਣਾਉਣ ਲਈ ਉਸ ਦਾ ਵਰਗੀਕਰਨ ਅਤੇ ਉਸ ਦੀਆਂ ਮੁਖ ਪ੍ਰਵਿਰਤੀਆਂ ਬਾਰੇ ਜਾਣਨ ਦੇ ਨਾਲ ਨਾਲ ਗੁਰਬਾਣੀ ਦੀ ਭਵਿਖ ਵਿਚ ਕੀਤੀ ਜਾਣ ਵਾਲੀ ਵਿਆਖਿਆਕਾਰੀ ਦੇ ਨੇਮਾਂ ਦੀ ਸਿਧਾਂਤਕ ਅਤੇ ਵਿਹਾਰਕ ਨੇਮ-ਬਧਤਾ ਵਿਉਂਤਣ ਦੀ ਸਾਧਾਰਨ ਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਲੇਖ ਨੁੰ ਦੋ ਭਾਗਾਂ ਵਿੱਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਜਿਸ ਦਾ ਪਹਿਲਾ ਭਾਗ ਇਸ ਅੰਕ ਵਿੱਚ ਪਾਠਕਾਂ ਲਈ ਹਾਜਰ ਹੈ।

ਐਡੀਟਰ

ਗੁਰਬਾਣੀ ਵਿਆਖਿਆ ਦਾ ਇਤਿਹਾਸ

ਸਭ ਤੋਂ ਮੁਢਲੇ ਗੁਰਬਾਣੀ ਸੰਥਿਆ ਤੇ ਵਿਆਖਿਆ ਦੇ ਕੇਂਦਰ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੇਂਦਰੀ ਸਥਾਨ ਸਨ, ਜਿਹੜੇ ਇਕ ਟਕਸਾਲ ਦੀ ਤਰ੍ਹਾਂ ਕਾਰਜਸ਼ੀਲ ਸਨ। 'ਟਕਸਾਲ' ਦਾ ਸੰਬੰਧ ਭਾਵੇਂ ਸਿੱਕੇ ਢਾਲਣ/ਘੜਨ ਵਾਲੀ ਥਾਂ ਦਸਿਆ ਜਾਂਦਾ ਹੈ, ਪਰ ਸਿਖ ਸਿਧਾਂਤ ਅਨੁਸਾਰ ਜਿਥੇ 'ਸਬਦੁ' (ਗੁਰਬਾਣੀ) ਦੁਆਰਾ ਜੀਵਨ ਘੜੇ ਗਏ ਜਾਂ ਘੜੇ ਜਾਂਦੇ ਹਨ, ਉਹ ਟਕਸਾਲ ਅਖਵਾਉਂਦੀ ਹੈ (ਜਤੁ ਪਾਹਾਰਾ ਧੀਰਜੁ ਸੁਨਿਆਰੁ...ਘੜੀਐ ਸਬਦੁ ਸਚੀ ਟਕਸਾਲ॥ ø)ਇਸ ਪਰਚੇ ਦੀ ਭੂਮਿਕਾ ਵਿਚ ਦਰਸਾਏ ਅਨੁਸਾਰ ਗੁਰਬਾਣੀ ਵਿਆਖਿਆਕਾਰੀ ਪਰੰਪਰਾ ਦਾ ਇਤਿਹਾਸ, ਇਤਿਹਾਸਕ ਕਾਲ-ਖੰਡ ਦੀਆਂ ਲਗਪਗ ਪੰਜ ਸਦੀਆਂ ਦੇ ਕੈਨਵਸ ਉਤੇ ਫੈਲਿਆ ਹੋਇਆ ਹੈ। ਇਥੇ ਉਸ ਵਿਸ਼ਾਲ ਦਾਇਰੇ ਦੀ ਝਾਕੀ-ਮਾਤਰ ਪੇਸ਼ ਹੈ।

ਗੁਰਬਾਣੀ ਵਿਆਖਿਆ, ਸੰਥਿਆ, ਅਧਿਐਨ, ਸਾਂਭ-ਸੰਭਾਲ, ਕਥਾ, ਅਰਥ, ਉਤਾਰੇ ਆਦਿ ਦਾ ਵਿਧੀਵਤ ਅਸਲ ਰੂਪ ਤਦੋਂ ਬਝਿਆ, ਜਦੋਂ ਸਿਖੀ ਦੀ ਪਹਿਲੀ ਟਕਸਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਲੋਂ ਆਪ ਖੁਦ ਸਥਾਪਿਤ ਕੀਤੀ ਗਈ। ਸੰਸਾਰੀ ਜੀਵਨ ਦੇ ਆਖਰੀ ਵਰਿ੍ਆਂ ਵਿਚ ਜਦੋਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟਿਕ ਗਏ ਤਾਂ ਸਿਖ ਵਿਦਵਤਾ ਦੀ ਪਹਿਲੀ ਟਕਸਾਲ ਇਥੇ ਬਧੀ ਗਈ, ਜਿਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਅਨੁਸਾਰ 'ਗਿਆਨੁ ਗੋਸਟਿ' ਦੀ 'ਚਰਚਾ ਸਦਾ' ਚਲਦੀ ਰਹਿੰਦੀ ਸੀ ਅਤੇ ਬਹੁਤ ਸਾਰੀ ਬਾਣੀ ਇਥੇ ਉਚਾਰੀ ਤੇ ਸੰਗ੍ਰਹਿਤ ਕੀਤੀ ਗਈ (ਫਿਿਰ ਬਾਬਾ ਆਇਆ ਕਰਤਾਰਪੁਰਿ...ਬਾਣੀ ਮੁਖਹੁ ਉਚਾਰੀਐ...ਗਿਆਨ ਗੋਸਟਿ ਚਰਚਾ ਸਦਾ...ñ/òø)ਸ੍ਰੀ ਕਰਤਾਰਪੁਰ ਸਾਹਿਬ ਦੀ ਇਸ ਟਕਸਾਲ ਵਿਚ ਹਜੂਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਰਨ ਵਿਚ ਭਾਈ ਲਹਣਾ ਜੀ (ਬਾਅਦ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ) ਲਗਪਗ 1532 ਈ. ਦੇ ਆਸ-ਪਾਸ ਆਉਂਦੇ ਹਨ। ਗੁਰਬਾਣੀ ਸੰਬੰਧੀ ਸਾਰੇ ਮਹਾਨ ਕਾਰਜ, ਜਿਵੇਂ ਸੰਥਿਆ ਦੇਣਾ, ਉਤਾਰੇ ਕਰਨਾ, ਸ੍ਰੀ ਗੁਰੂ ਨਾਨਕ ਸਚੇ ਪਾਤਸ਼ਾਹ ਜੀ ਦੀ ਆਪਣੀ ਮੁਖਾਰਬਿੰਦ ਪਾਵਨ ਬਾਣੀ ਅਤੇ ਉਨ੍ਹਾਂ ਦੁਆਰਾ ਸੰਗ੍ਰਹਿਤ ਕੀਤੀ ਭਗਤ ਸਾਹਿਬਾਨ ਜੀ ਦੀ ਪਾਵਨ ਬਾਣੀ ਦੀ ਸੰਭਾਲ ਆਦਿ ਦੀ ਜਿੰਮੇਵਾਰੀ, ਮਹਿਮਾ ਪ੍ਰਕਾਸ਼ ਵਾਰਤਕ (ਸਾਖੀ òò) ਅਨੁਸਾਰ ਭਾਈ ਲਹਣਾ ਜੀ ਨੇ ਸੰਭਾਲੀ ਹੋਈ ਸੀ। ਭਾਈ ਲਹਣਾ ਜੀ ਨੇ ਸ੍ਰੀ ਗੁਰੂ ਨਾਨਕ ਜੀ ਦੀ ਸ਼ਰਨ ਵਿਚ ਕਰਤਾਰਪੁਰ ਸਾਹਿਬ ਵਿਖੇ ਸਭ ਤੋਂ ਪਹਿਲੀ ਸੇਵਾ, ਬਾਬਾ ਬੁਢਾ ਜੀ, ਭਾਈ ਮਨਸੁਖ, ਭਾਈ ਭਾਗੀਰਥ ਆਦਿਕ ਮੁਖੀ ਸਿਖਾਂ ਦੀ ਮਦਦ ਨਾਲ ਸ੍ਰੀ ਗੁਰੂ ਨਾਨਕ ਜੀ ਦੀ ਮੁਖਾਰਬਿੰਦ ਬਾਣੀ ਨੂੰ 'ਮਰਯਾਦਾ' (ਤਰਤੀਬ, ਸੇਸਟੲਮ) ਵਿਚ ਕਰਨ ਦੀ ਕੀਤੀ।

ਭਾਈ ਲਹਣਾ ਜੀ ਨੇ, ਸੰਗੀ ਗੁਰਮੁਖਾਂ ਦੀ ਮਦਦ ਨਾਲ, ਕਰਤਾਰਪੁਰ ਸਾਹਿਬ ਟਕਸਾਲ ਵਿਖੇ ਹੀ ਗੁਰਮੁਖੀ ਲਿਪੀ ਦੀ, ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਹਜੂਰ ਦੀ ਦੇਖ-ਰੇਖ ਵਿਚ ਸਿਰਜਨਾ ਕੀਤੀ ਅਤੇ ਸਾਰੀ ਬਾਣੀ ਇਸੇ ਲਿਪੀ ਵਿਚ ਲਿਖੀ ਗਈ। ਭਾਈ ਮਨਸੁਖ ਜੀ, ਇਥੇ ਲਗਪਗ 1536 ਈ. ਵਿਚ ਆਇਆ ਸੀ। ਭਾਈ ਮਨਸੁਖ ਜੀ ਲਾਹੌਰ ਦਾ ਰਹਿਣ ਵਾਲਾ ਇਕ ਵਪਾਰੀ ਸੀ, ਜੋ ਦੁਕਾਨ ਚਲਾਉਂਦਾ ਸੀ। ਭਾਈ ਭਾਗੀਰਥ ਜੀ ਰਾਹੀਂ ਇਹ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿਚ ਕਰਤਾਰਪੁਰ ਸਾਹਿਬ ਵਿਖੇ ਆਇਆ ਸੀ। ਵਪਾਰ ਦੇ ਸੰਬੰਧ ਵਿਚ ਜਦੋਂ ਇਹ ਸ੍ਰੀਲੰਕਾ ਗਿਆ ਤਾਂ ਰਾਜੇ ਸਿਵਨਾਭ ਨੂੰ ਇਸੇ ਨੇ ਹੀ ਗੁਰੂ ਜੀ ਦੀ ਦੱਸ ਪਾਈ ਸੀ, ਤਦੋਂ ਤੋਂ ਰਾਜੇ ਨੂੰ ਗੁਰੂ ਦਰਸ਼ਨ ਦੀ ਸਿਕ ਲਗ ਗਈ ਸੀ। ਇਹ ਕਰਤਾਰਪੁਰ ਸਾਹਿਬ ਦੀ ਟਕਸਾਲ ਵਿਖੇ ਤਿੰਨ ਸਾਲ ਗੁਰੂ ਜੀ ਦੀ ਹਜੂਰੀ ਵਿਚ ਰਿਹਾ "ਤਬ ਉਸ ਬਾਣੀਐ ।ਵਪਾਰੀ, ਭਾਈ ਮਨਸੁਖ ਜੀ॥ ਕੀ ਨਿਸਾ ਭਈ...ਤੀਨ ਬਰਸ ਬਾਬੇ ਕੋਲ ਰਹਿਆ...ਗੁਰੂ ਬਾਬੇ ਦੀ ਬਾਣੀ ਬਹੁਤ ਲਿਖੀਅਸੁ ਪੋਥੀਆ ਲਿਖ ਲੀਤੀਓਸੁ" (ਪੁਰਾਤਨ ਜਨਮਸਾਖੀ, ôñ/ñôô); "ਤੀਨ ਬਰਸ ਜਾ ਰਹਿਆ ਤਾ ਗੁਰੂ ਬਾਬੇ ਕੀ ਬਾਣੀ ਬਹੁਤੁ ਲਿਿਖ ਕਰਿ ਪੋਥੀਆ ਲਿਖ॥ ਲੀਤੀਆ" (ਆਦਿ ਸਾਖੀਆਂ, òñ/öñ)ਜਦੋਂ ਗੁਰੂ ਬਾਬਾ ਨਾਨਕ ਜੀ ਜੋਤੀ-ਜੋਤਿ ਸਮਾਏ ਤਾਂ ਆਪ ਨੇ 'ਸਲਾਮਤਿ ਥੀਵਦੈ' (ਗੁਰ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ùöö) ਹੀ ਭਾਈ ਲਹਣਾ ਜੀ ਨੂੰ ਬਾਣੀ-ਸੰਗ੍ਰਹਿ ਦੀ ਪੋਥੀ, ਗੁਰਿਆਈ ਸਮੇਂ ਸੌਂਪ ਦਿਤੀ ਸੀ ("ਸੋ ਪੋਥੀ ਜੋ ਬਾਨਿ ਗੁਰੂ ਅੰਗਦ ਜੋਗ ਮਿਲੀ", ਪੁਰਾਤਨ ਜਨਮਸਾਖੀ, ਸਾਖੀ õ÷)ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰਬਾਣੀ ਸੰਥਿਆ, ਸੰਭਾਲ, ਕਥਾ-ਵਾਰਤਾ ਆਦਿ ਦਾ ਆਰੰਭ ਸ੍ਰੀ ਕਰਤਾਰਪੁਰ ਸਾਹਿਬ (ਰਾਵੀ ਨਦੀ ਦੇ ਰਮਣੀਕ ਕੰਢੇ) ਵਿਖੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਖੁਦ ਆਪਣੀ ਦੇਖ-ਰੇਖ ਹੇਠ ਭਾਈ ਲਹਣੇ ਜੀ ਤੋਂ ਕਰਵਾਇਆ ਸੀ।

ਗੁਰਿਆਈ ਦੀ ਦੈਵੀ ਤੇ ਵਡੇਰੀ ਜ਼ਿੰਮੇਵਾਰਾਨਾ- ਸੰਸਥਾ- ਸੇਵਾ ਸੰਭਾਲਣ ਉਪਰੰਤ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਹੁਕਮਾਂ ਅਨੁਸਾਰ ਸਿਖੀ ਦੇ ਰੂਹਾਨੀ ਤੇ ਸਭਿਆਚਾਰਕ ਅਧਿਐਨ/ਚਿੰਤਨ ਦੀ ਦੂਜੀ ਟਕਸਾਲ ਸ੍ਰੀ ਖਡੂਰ ਸਾਹਿਬ ਵਿਖੇ ਸਥਾਪਿਤ ਕੀਤੀ। ਆਪ ਨੇ ਗੁਰਬਾਣੀ ਲਿਖਣ, ਸੰਭਾਲਣ, ਸੰਥਿਆ ਅਤੇ ਵਿਆਖਿਆ ਦੀ ਮਹਾਨ ਸੇਵਾ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਰੂਪਕੀ ਸ਼ਬਦਾਂ ਵਿਚ  "ਜਿਸ 'ਸਚੁ ਸਬਦੁ' (ਗੁਰਬਾਣੀ) ਦੀ ਸੌੰਪਣਾ/ਪ੍ਰਾਪਤੀ ਗੁਰੂ ਨਾਨਕ ਦੇਵ ਜੀ ਦੀ ਦੈਵੀ 'ਟਕਸਾਲ' ਪਾਸੋਂ ਆਪ ਨੂੰ ਹੋਈ, ਓਹੀ ਸਚੁ ਦਾ 'ਸਿਕਾ' ਆਪ ਨੇ ਖਡੂਰ ਸਾਹਿਬ ਵਿਖੇ ਚਲਾਇਆ (ਸਚੁ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ ॥ òô/ø)ਗੁਰੂ ਨਾਨਕ ਪਾਤਸ਼ਾਹ ਹਜੂਰ ਦੀ ਸ਼ਰਨ ਵਿਚ ਸਿਰਜੀ ਗੁਰਮੁਖੀ ਲਿਪੀ ਦੇ ਪ੍ਰਚਾਰ-ਪ੍ਰਸਾਰ ਵਲ ਵਿਸ਼ੇਸ਼ ਧਿਆਨ ਦਿਤਾ ਗਿਆ। ਪਾਤਸ਼ਾਹ ਹਜੂਰ ਗੁਰੂ ਨਾਨਕ ਦੇਵ ਜੀ ਦੀ ਜਨਮਸਾਖੀ ਲਿਖ ਕੇ ਗੁਰ ਇਤਿਹਾਸ ਦੀ ਨੀਂਹ ਵੀ ਇਨ੍ਹਾਂ ਹੀ ਰਖੀ (ਆਦਿ ਗੁਰੂ ਕੀ ਜਨਮ ਜੁ ਸਾਖੀ ॥ ਗੁਰ ਇਤਿਹਾਸ ਨੀਂਵ ਇਨ ਰਾਖੀ ॥, ਸੰਤ ਰੇਣਿ ਪ੍ਰੇਮ ਸਿੰਘ, ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਭਾਗ ਪਹਿਲਾ, ਅਧਿ. ñö, ਬੰਦ ôõ, ਪੰਨਾ ô0õ)

'ਨਿਮਾਣਿਆਂ ਦੇ ਮਾਣ' ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਸਮੇਂ ਗੁਰਬਾਣੀ ਵਿਆਖਿਆ, ਸੰਥਿਆ ਅਤੇ ਚਿੰਤਨ ਦੀ ਤੀਜੀ ਪ੍ਰਮੁਖ ਟਕਸਾਲ ਗੋਇੰਦਵਾਲ ਸਾਹਿਬ ਬਣਿਆ, ਜਿਥੇ ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਸੰਸਰਾਮ ਜੀ, ਭਾਈ ਹਿਰਦੇ ਰਾਮ ਜੀ, ਭਾਈ ਬਹਿਲੋ ਜੀ ਵਰਗੇ ਅਨੇਕ ਹੋਣਹਾਰ ਵਿਦਵਾਨ ਪੈਦਾ ਹੋਏ। ਪਾਤਸ਼ਾਹ ਹਜੂਰ ਗੁਰੂ ਅਮਰਦਾਸ ਜੀ ਸਮੇਂ ਗੋਇੰਦਵਾਲ ਸਾਹਿਬ ਸਿਖ ਵਿਦਵਤਾ ਦਾ ਗੜ੍ਹ ਬਣ ਗਿਆ ਸੀ; ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਵਿਚ ਹੋ ਰਹੇ ਇਸ ਮਹਾਨ ਕਾਰਜ-ਕ੍ਰਮ ਨੂੰ ਅਜਿਹਾ 'ਅਚਰਜੁ ਖੇਲੁ' ਕਹਿੰਦੇ ਹਨ, ਜਿਸ ਨੂੰ ਲਖਿਆ/ ਜਾਣਿਆ ਨਹੀਂ ਜਾ ਸਕਦਾ (...ਅਚਰਜੁ ਖੇਲੁ ਨ ਲਖਿਆ ਜਾਈ॥ñ/ôö)

ਗੁਰੂ ਅਮਰਦਾਸ ਜੀ ਪਾਤਸ਼ਾਹ ਵਲੋਂ ਸਥਾਪਿਤ ਕੀਤੀਆਂ ਮੰਜੀਆਂ ਦਾ ਪ੍ਰਮੁਖ ਕਾਰਜ ਗੁਰਸਿਖੀ ਦਾ ਉਪਦੇਸ਼ ਦੇ ਕੇ ਲੋਕਾਈ ਨੂੰ ਪਰੰਪਰਕ ਜੰਜਾਲਾਂ ਤੋਂ ਮੁਕਤ ਕਰਨਾ ਸੀ, ਅਤੇ ਇਸ ਕਾਰਜ ਦਾ ਮਾਧਿਅਮ 'ਗੁਰਬਾਣੀ ਸੰਥਿਆ ਤਥਾ ਵਿਆਖਿਆ' ਸੀ । ਸੰਸਾਰੀ ਜੀਵਨ ਦੇ ਆਖਰੀ ਸਮੇਂ; ਗੁਰਿਆਈ 'ਤਿਲਕੁ' ਸਮੇਂ ਗੁਰੂ ਅਮਰਦਾਸ ਜੀ ਮਹਾਰਾਜ ਨੇ 'ਗੁਰ ਸਬਦੁ ਸਚੁ' ਦਾ 'ਨੀਸਾਣੁ', ਭਾਵ ਸਾਰਾ ਬਾਣੀ ਸੰਗ੍ਰਹਿ, ਚਉਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿਤਾ (ਰਾਮਦਾਸ ਸੋਢੀ ਤਿਲਕੁ ਦੀਆ ਗੁਰਸਬਦੁ ਸਚੁ ਨੀਸਾਣੁ ਜੀਉ॥ ùòó)

ਚਉਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਅੰਮ੍ਰਿਤਸਰ ਟਕਸਾਲ ਹੋਂਦ ਵਿਚ ਅਉਂਦੀ ਹੈ, ਜਿਸ ਵਿਚ ਗੁਰਬਾਣੀ/ ਗੁਰਮੁਖੀ/ ਗੁਰਸਿਖੀ ਦੀਆਂ ਸਾਰੀਆਂ ਗਤੀਵਿਧੀਆਂ ਦੀ ਹੋਂਦ 20ਵੀਂ ਸਦੀ ਦੇ ਪਿਛਲੇ ਅਧ (1965) ਤਕ ਰਹੀ। ਗੁਰਿਆਈ ਸਮੇਂ ਗੁਰੂ ਰਾਮਦਾਸ ਜੀ ਨੇ 'ਅੰਮ੍ਰਿਤ ਨਾਮ ਦਾ ਖਜਾਨਾ' ਪੰਚਮ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿਤਾ ਗਿਆ। ਗੋਸਟਾਂ ਮਿਹਰਬਾਨ  (ਗੋਸਟਿ 1, 2, ਪੰਨੇ 39, 40, 44) ਅਨੁਸਾਰ 'ਸਬਦ ਕੀ ਥਾਪਨਾ', ਜੋ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਕਉ ਕਰੀ ਸੀ, ਉਹੀ ਗੁਰੂ ਅਮਰਦਾਸ-ਰਾਮਦਾਸ ਰਾਹੀਂ ਗੁਰੂ ਅਰਜਨ ਦੇਵ ਜੀ ਨੂੰ ਹੋ ਗਈ:  "...ਤਬ ਗੁਰੂ ਬਾਬਾ ਨਾਨਕੁ ਜੀ ਗੁਰੂ ਅੰਗਦ ਕੰਉ ਸਬਦ ਕੀ ਥਾਪਨਾ ਦੇ ਕਰਿ...ਸਚਖੰਡ ਕੰਉ ਸਿਧਾਰੇ... ਗੁਰੂ ਅੰਗਦ ਜੀ... ਗੁਰੂ ਅਮਰਦਾਸੁ ਜੀ ਕਉ ਸਬਦ ਕੀ ਥਾਪਨਾ ਦੇ ਕਰਿ...ਸਚਖੰਡ ਕਉ ਸਿਧਾਰੇ...ਗੁਰੂ ਅਮਰਦਾਸੁ ਸੈਸਾਰ ਕੇ ਵਿਖੇ ਭਗਤਿ ਕਮਾਈ ਅਰੁ ਸਬਦ ਕੀ ਥਾਪਨਾ ਗੁਰੂ ਰਾਮਦਾਸ ਜੀ ਕਉ ਦੇ ਕਰਿ...ਆਪਿ ਸਚਖੰਡ ਕਉ ਸਿਧਾਰੇ...ਤਬ ਗੁਰੂ ਰਾਮਦਾਸਿ...ਸਬਦ ਕੀ ਥਾਪਨਾ ਗੁਰੂ ਅਰਜਨ ਕਉ ਦੇ ਕਰਿ ਆਪਿ ਸਚਖੰਡ ਕਉ ਸਿਧਾਰੇ"।

ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਟਕਸਾਲ ਵਿਚ ਗੁਰਬਾਣੀ ਸੰਬੰਧੀ ਇਕ ਸ਼ਾਨਦਾਰ, ਇਤਿਹਾਸਕ ਅਤੇ ਜੁਗੋ ਜੁਗ ਅਟਲ ਰਹਿਣ ਵਾਲਾ ਕਾਰਜ 'ਗੁਰਬਾਣੀ ਪ੍ਰਗਾਸ' ਦਾ ਕੀਤਾ ਗਿਆ।ਪਾਤਸ਼ਾਹ ਹਜੂਰ ਗੁਰੂ ਅਰਜਨ ਦੇਵ ਜੀ ਨੇ ਪ੍ਰਾਪਤ ਹੋਏ ਬਾਣੀ ਸੰਗ੍ਰਹਿ ਨੂੰ, ਜੋ ਪੋਥੀਆਂ, ਪਤਰਿਆਂ, ਗੁਟਕਿਆਂ ਆਦਿ ਦੇ ਰੂਪ ਵਿਚ ਸੀ, ਇਕ ਵਿਧੀਵਤ ਰੂਪ ਦੇਣ ਲਈ 'ਰਾਮਸਰ' ਨਾਂ ਦੇ ਸਥਾਨ ਦੀ ਚੋਣ ਕੀਤੀ। ਇਸ ਰਮਣੀਕ ਥਾਂ ਉਤੇ ਗੁਰਬਾਣੀ ਦੇ ਸੰਪਾਦਨ ਦਾ ਕਾਰਜ ਸ਼ੁਰੂ ਕੀਤਾ ਗਿਆ, ਜਿਹੜਾ 1601 ਈ. ਤੋਂ 1604 ਈ. ਤਕ ਤਿੰਨ ਸਾਲਾਂ ਵਿਚ ਸੰਪੂਰਨ ਹੋਇਆ।

ਗੁਰੂ ਅਰਜਨ ਦੇਵ ਜੀ ਵਲੋਂ 'ਸ੍ਰੀ ਗੁਰੂ ਗ੍ਰੰਥ ਸਾਹਿਬ' ਦੀ 'ਆਦਿ ਬੀੜ' ਸੰਪਾਦਨਾ ਨਾਲ ਸਿਖ ਧਰਮ, ਇਤਿਹਾਸ, ਪਰੰਪਰਾ, ਵਿਆਖਿਆ ਅਤੇ ਵਿਦਵਤਾ ਦੇ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੁੰਦੀ ਹੈ। ਹੁਣ ਗੁਰਬਾਣੀ ਇਕ ਵਿਉਂਤਬਧ ਪ੍ਰਮਾਣਿਕ ਰੂਪ ਵਿਚ ਮਿਲਣ ਲਗਦੀ ਹੈ। ਅਗਲੇ ਸਮੇਂ ਵਿਚ ਗੁਰਬਾਣੀ ਵਿਆਖਿਆ, ਸੰਥਿਆ, ਉਤਾਰਿਆਂ ਆਦਿ  ਦੇ ਅਨੇਕ ਜਤਨਾਂ ਤਹਿਤ ਸਮਕਾਲੀ ਕੋਸ਼ਿਸ਼ਾਂ ਕਰਨ ਵਾਲੇ ਅਨੇਕ ਸੰਥਿਆਕਾਰ, ਵਿਆਖਿਆਕਾਰ ਵਿਦਵਾਨਾਂ, ਲਿਖਾਰੀਆਂ ਵਿਚ ਭਾਈ ਸਾਹਿਬ ਭਾਈ ਗੁਰਦਾਸ, ਬਾਬਾ ਬੁਢਾ ਜੀ, ਭਾਈ ਬੰਨੋ, ਸੰਤ ਦਾਸ, ਹਰੀਆ, ਸੁਖਾ, ਮਨਸਾ ਰਾਮ, ਬੂੜਾ ਸੰਧੂ, ਭਾਈ ਬਿਧੀ ਚੰਦ, ਗੁਰਦਿਤਾ ਜਟੇਟਾ, ਰੂਪ ਕੁਇਰ, ਰਾਮ ਰਾਇ, ਯੋਗ ਰਾਜ, ਬਿਰਦ ਦਾਸ, ਭਾਈ ਹਰਦਾਸ, ਸ਼ਹੀਦ ਭਾਈ ਮਨੀ ਸਿੰਘ ਜੀ, ਫਤੇ ਚੰਦ, ਪਾਖਰ ਮਲ, ਹਾਕਮ ਸਿੰਘ ਗ੍ਰੰਥੀ ਆਦਿ ਅਨੇਕ 'ਹੀਰੇ-ਜਵਾਹਰਾਂ' ਦਾ ਨਾਂ ਲਿਆ ਜਾ ਸਕਦਾ ਹੈ, ਜਿਨ੍ਹਾਂ ਵਿਚੋਂ ਬਹੁਤੇ ਅੰਮ੍ਰਿਤਸਰ ਟਕਸਾਲ ਨਾਲ ਹੀ ਸੰਬੰਧਿਤ ਸਨ। ਬਾਅਦ ਵਿਚ ਸਿਖ ਇਤਿਹਾਸ ਵਿਚ, ਜਿਸ ਨੂੰ 'ਗਿਆਨੀਆਂ ਦੀ ਟਕਸਾਲ' ਕਿਹਾ ਗਿਆ, ਉਸ ਦਾ ਸਾਰਾ ਕਾਰਜ- ਕ੍ਰਮ ਅਤੇ ਮੁਕਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਸੀ। ਇਸ ਗਿਆਨੀਆਂ ਦੀ ਟਕਸਾਲ ਦੇ ਇਕ ਤਰ੍ਹਾਂ ਮੋਢੀ ਦੀ ਭੂਮਿਕਾ ਨਿਭਾਉਣ ਵਾਲੇ ਭਾਈ ਗੁਰਦਾਸ ਜੀ ਅਤੇ ਸ਼ਹੀਦ ਮਨੀ ਸਿੰਘ ਜੀ ਸਨ, ਜਿਨਾਂ ਤੋਂ ਅਗਾਂਹ ਕਈ ਵਿਦਵਾਨ ਪੈਦਾ ਹੋਏ, ਜਿਨ੍ਹਾਂ ਵਿਚ ਭਾਈ ਸੂਰਤ ਸਿੰਘ ਦਾ ਨਾਂ ਵਿਸ਼ੇਸ਼ ਰੂਪ ਵਿਚ ਲਿਆ ਜਾ ਸਕਦਾ ਹੈ, ਜਿਸ ਬਾਰੇ ਸੰਖੇਪ ਵੇਰਵਾ ਅਗਾਂਹ ਆਵੇਗਾ।

ਸ੍ਰੀ ਦਮਦਮਾ ਸਾਹਿਬ ਵਿਖੇ ਦਸਮ ਪਿਤਾ ਗੁਰੂ ਕਲਗੀਧਰ ਜੀ ਨੇ ਗੁਰਬਾਣੀ ਕਥਾ, ਅਧਿਐਨ, ਸੰਥਿਆ, ਉਤਾਰਿਆਂ ਆਦਿ ਦੀ ਇਕ ਵਿਧੀਵਤ ਪਰੰਪਰਾ ਦਾ ਅਗਾਜ ਕੀਤਾ ਅਤੇ ਇਸ ਖੇਤਰ ਵਿਚ ਗੁਰੂ ਜੀ ਤੋਂ ਵਰੋਸਾਏ ਦੋ ਗੁਰਮੁਖਾਂ- ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਇਸ ਖੇਤਰ ਵਿਚਲਾ ਯੋਗਦਾਨ ਅਦੁਤੀ ਹੈ। ਇਨ੍ਹਾਂ ਦੋ ਗੁਰਮੁਖਾਂ ਦੀ ਘਾਲ-ਕਮਾਈ ਰਾਹੀਂ ਹੋਂਦ ਵਿਚ ਆਈਆਂ ਗੁਰਬਾਣੀ ਟਕਸਾਲਾਂ ਨੇ ਗੁਰਬਾਣੀ ਵਿਆਖਿਆ ਅਤੇ ਸੰਥਿਆ ਦੇ ਖੇਤਰ ਵਿਚ ਲਾ-ਮਿਸਾਲ ਯੋਗਦਾਨ ਪਾਇਆ। ਜਿਕਰਯੋਗ ਹੈ ਕਿ ਜਿਥੇ ਵਰਤਮਾਨ ਵਿਚ ਕਈ ਸੰਪਰਦਾਵਾਂ, ਸੰਸਥਾਵਾਂ ਦੇ ਗੁਰਦੁਆਰਾ ਸਾਹਿਬਾਨ ਵਿਚ ਗੁਰਬਾਣੀ ਵਿਆਖਿਆ ਜਾਂ ਸੰਥਿਆ ਆਦਿ ਸੰਬੰਧੀ ਕਾਰਜ ਬਹੁਤ ਮਧਮ ਪੈ ਚੁਕੇ ਹਨ, ਉਥੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਦੀਆਂ ਗੁਰਬਾਣੀ ਅਰਥ ਟਕਸਾਲਾਂ ਵਿਚੋਂ ਸੁ-ਸਿਿਖਅਤ ਹੋਏ, ਸੰਪਰਦਾਈ ਗਿਆਨੀਆਂ ਦੇ ਡੇਰਿਆਂ/ ਗੁਰੂ-ਘਰਾਂ ਵਿਚ ਗੁਰਬਾਣੀ ਵਿਆਖਿਆ; ਸੰਥਿਆ ਆਦਿ ਦੀ ਪਰੰਪਰਾ ਹਾਲੇ ਵੀ ਜਿਵੇਂ-ਕਿਵੇਂ ਕਾਇਮ ਹੈ, ਭਾਵੇਂ ਕਿ ਓਥੇ ਹੁਣ ਪਹਿਲਾਂ ਵਾਲਾ ਮਾਹੌਲ ਨਹੀਂ ਰਿਹਾ।

ਦਸਮ ਪਾਤਿਸ਼ਾਹ ਹਜੂਰ ਤੋਂ ਬਾਅਦ ਲਗਪਗ ਇਕ ਸਦੀ (ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਖਾਲਸਾ ਰਾਜ ਦੀ ਕਾਇਮੀ) ਤਕ ਪੰਜਾਬ ਇਕ ਅਤਿ ਪੀੜਾ ਦੇ ਦੌਰ ਵਿਚਦੀ ਗੁਜਰਿਆ। ਇਸ ਸਮੇਂ ਉਦਾਸੀ, ਨਿਰਮਲ, ਸੇਵਾ ਪੰਥੀ ਆਦਿ ਸਾਧੂਆਂ ਨੇ ਵਿਸ਼ੇਸ਼ ਰੂਪ ਵਿਚ ਅਤੇ ਵਿਅਕਤੀਗਤ ਰੂਪ ਵਿਚ ਅਨੇਕ ਗੁਰਮੁਖਾਂ ਨੇ ਗੁਰਮੁਖੀ, ਗੁਰਬਾਣੀ ਵਿਆਖਿਆ, ਸੰਥਿਆ,ਅਤੇ ਸਿਖੀ ਦੀ ਜੋਤਿ ਨੂੰ ਕਿਵੇਂ ਨਾ ਕਿਵੇਂ ਜਗਾਈ ਰਖਿਆ। ਝਖੜਾਂ ਦੇ ਵਾ-ਵਰੋਲਿਆਂ ਚੜ੍ਹੇ ਸ਼ਹੀਦਾਂ ਦੇ ਜਥੇ ਵੀ ਮੌਕਾ ਮਿਲਦੇ ਹੀ ਨ੍ਹੇਰੇ- ਸਵੇਰੇ ਸਾਂਝੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਕਰਦੇ ਰਹਿੰਦੇ। ਇਹ (ਅਖੰਡ) ਪਾਠ ਕੇਵਲ ਅਕੀਦਤ ਦੀ ਭੇਟਾ ਹੀ ਨਹੀਂ ਸਨ, ਬਲਕਿ ਹਾਲਾਤ ਦੇ ਹਵਾਲੇ ਵਿਚ 'ਪਾਠ ਅਤੇ ਅਰਥ ਬੋਧ ਸਮਾਗਮ' ਵੀ ਸਨ ।

ਮਿਸਲ-ਕਾਲ ਤੇ ਰਣਜੀਤ-ਕਾਲ ਵਿਚ, ਪਹਿਲਾਂ ਵਰਣਿਤ ਸਿਖ ਸੰਪਰਦਾਵਾਂ, ਸਾਧੂਆਂ ਜਾਂ ਟਕਸਾਲਾਂ ਨੇ ਗੁਰਮੁਖੀ ਵਿਿਦਆ, ਗੁਰਬਾਣੀ ਵਿਆਖਿਆ, ਸੰਥਿਆ, ਉਤਾਰਿਆਂ ਆਦਿ ਵਿਚ ਭਰਪੂਰ ਯੋਗਦਾਨ ਪਾਇਆ। ਇਸ ਯੋਗਦਾਨ ਦਾ ਵੇਰਵਾ ਤੇ ਮੁਲੰਕਣ ਇਸ ਹਥਲੀ ਛੋਟੀ ਜਿਹੀ ਲਿਖਤ ਵਿਚ ਸੰਭਵ ਨਹੀਂ। ਇਥੇ ਐਨਾ ਜਾਣ ਲੈਣਾ ਹੀ ਕਾਫੀ ਹੈ ਕਿ ਇਸ ਕਾਲ ਵਿਚ ਵਿਿਦਆ ਦੇ ਸਕੂਲ, ਸਾਧੂਆਂ ਦੇ ਇਹੋ ਡੇਰੇ ਹੀ ਸਨ। ਡਾ. ਧਰਮਾਨੰਤ ਸਿੰਘ ਅਨੁਸਾਰ "ਉਦਾਸੀ ਅਤੇ ਨਿਰਮਲ ਸੰਤਾਂ ਦੇ ਅਖਾੜੇ ਇਕ ਪ੍ਰਕਾਰ ਦੇ ਵਿਸ਼ਵ ਵਿਿਦਆਲੇ ਸਨ" (ਵੈਦਿਕ ਗੁਰਮਤਿ, 1965, ਪੰਨਾ 227)। ਸੰਪਰਦਾਵਾਂ ਦੇ ਸਾਧੂਆਂ ਦੁਆਰਾ ਨਿਰਮਾਣ ਕੀਤੀਆਂ ਧਰਮਸ਼ਾਲਾਵਾਂ ਵਿਚ ਹੋਰ ਕਾਰਜਾਂ ਸਮੇਤ ਮੁਖ ਕਾਰਜ ਸੀ- ਗੁਰਬਾਣੀ ਸੰਥਿਆ ਦੇਣੀ, ਵਿਆਖਿਆ ਕਰਨੀ ਅਤੇ ਵਿਸ਼ੇਸ਼ ਰੂਪ ਵਿਚ ਗੁਰਮੁਖੀ ਦੀ ਸਿਖਲਾਈ ਦੇਣੀ। ਆਏ-ਗਏ ਅਤਿਥੀ ਲਈ ਰਿਹਾਇਸ਼, ਲੰਗਰ ਅਤੇ ਸਰੀਰਕ ਰੋਗਾਂ ਲਈ ਦੇਸੀ ਦਵਾ-ਦਾਰੂ ਵੀ ਹੁੰਦਾ ਸੀ। ਇਸ ਦੇ ਨਾਲ-ਨਾਲ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਬਾਣੀ ਦੇ ਉਤਾਰੇ, ਕਥਾ, ਵਖਿਆਨ ਤੇ ਟੀਕਾਕਾਰੀ ਪ੍ਰਮੁਖ ਕਾਰਜ ਸਨ। ਹੁਣ ਗੁਰਬਾਣੀ ਵਿਆਖਿਆ ਦੇ ਵਡੇਰੀ ਗਿਣਤੀ ਵਿਚ ਮਿਲਦੇ ਮੁਢਲੇ ਰੂਪ- ਭਾਸ਼, ਕੋਸ਼, ਪਰਮਾਰਥ, ਪ੍ਰਯਾਇ, ਟੀਕੇ ਆਦਿ ਸਭ ਸੰਪ੍ਰਦਾਵਾਂ ਦੇ ਸਾਧੂਆਂ ਦੀ ਹੀ ਦੇਣ ਹਨ। 18ਵੀਂ ਸਦੀ ਵਿਚ ਜਦੋਂ ਸਿਖ ਪੰਥ ਆਪਣੀ ਹੋਂਦ ਤੇ ਮਨੁਖੀ ਅਜ਼ਾਦੀ ਲਈ ਸਿਰ-ਧੜ੍ਹ ਦੀ ਬਾਜ਼ੀ ਲਾ ਰਿਹਾ ਸੀ, ਤਾਂ ਗੁਰਬਾਣੀ ਸੰਥਿਆ ਦਾ ਜਿਵੇਂ-ਕਿਵੇਂ ਇਨ੍ਹਾਂ ਸੰਪਰਦਾਵਾਂ ਨੇ ਹੀ ਪ੍ਰਵਾਹ ਚਲਾਈ ਰਖਿਆ ਸੀ (ਗਿ. ਬਲਵੰਤ ਸਿੰਘ ਕੋਠਾ ਗੁਰੂ ਜੀ ਨੇ ਇਨ੍ਹਾਂ ਸੰਪ੍ਰਦਾਈ ਗੁਰਮੁਖਾਂ ਵਿਚੋਂ ਕਈ ਗੁਰਮੁਖਾਂ ਦੇ ਵੇਰਵੇ ਵਿਸਤਾਰ ਨਾਲ ਦਿਤੇ ਹਨ: ਸ੍ਰੀ ਨਿਰਮਲ ਪੰਥ ਬੋਧ, ਸ੍ਰੀ ਨਿਰਮਲ ਪੰਚਾਇਤੀ ਅਖਾੜਾ  ਕਨਖਲ, ਹਰਿਦੁਆਰ, 1998)

18ਵੀਂ ਸਦੀ ਵਿਚ ਧਾਰਮਿਕ ਸਥਾਨਾਂ ਅਤੇ ਇਨ੍ਹਾਂ ਨਾਲ ਜੁੜੇ ਸਾਧੂਆਂ/ ਲੋਕਾਂ ਨੂੰ ਅਨੁਦਾਨ ਦੇਣ ਦੀ ਇਕ ਪੂਰੀ ਸੂਰੀ ਪਰੰਪਰਾ ਹੈ। ਮੁਗਲ ਕਾਲ ਵਿਚ ਵੀ ਇਹ ਪਰੰਪਰਾ ਸੀ, ਜਿਸ ਨੂੰ 'ਮਦਦ-ਏ-ਮਾਸ਼' ਕਿਹਾ ਜਾਂਦਾ ਸੀ। ਜਗੀਰਦਾਰ ਵੀ ਆਪਣੀਆਂ ਜਾਗੀਰਾਂ ਵਿਚੋਂ ਧਰਮਾਰਥ ਕਾਰਜਾਂ ਲਈ ਅਨੁਦਾਨ ਦਿੰਦੇ ਸਨ। ਪੰਜਾਬ ਦੇ ਮਿਸਲਦਾਰਾਂ ਨੇ ਜਿਥੇ ਗੁਰੂ ਨਾਨਕ (ਬਿੰਦੀ) ਵੰਸ਼ ਬੇਦੀਆਂ ਨੂੰ ਵਡੀ ਗਿਣਤੀ ਵਿਚ ਕਰ-ਮੁਕਤ ਭੂਮੀ ਦੇ ਰੂਪ ਵਿਚ ਅਨੁਦਾਨ ਦਿਤੇ, ਉਥੇ ਸਿਖ ਸੰਪ੍ਰਦਾਵਾਂ, ਖਾਸ ਕਰ ਉਦਾਸੀਆਂ ਨੂੰ ਬਹੁਤ ਜ਼ਿਆਦਾ ਅਨੁਦਾਨ ਦਿਤੇ। ਦਿਤੀਆਂ ਗਈਆਂ ਧਰਮਾਰਥ ਕਰ-ਮੁਕਤ ਭੂਮੀਆਂ/ਜਗੀਰਾਂ ਦੇ ਅਨੇਕ ਕਾਰਨ ਸਨ, ਪਰ ਇਕ ਵਿਸ਼ੇਸ਼ ਕਾਰਨ, ਜੋ ਸਿਖ ਸਰਦਾਰਾਂ ਦੇ ਸਾਹਮਣੇ ਸੀ, ਉਹ ਇਹ ਸੀ ਕਿ ਸੰਬੰਧਿਤ ਵਿਅਕਤੀ, ਡੇਰੇ, ਅਖਾੜੇ ਜਾਂ ਧਰਮਸ਼ਾਲਾਵਾਂ ਵਿਚ ਗੁਰਬਾਣੀ ਦੀ ਵਿਆਖਿਆ, ਸਿਖਲਾਈ (ਸੰਥਿਆ) ਤੇ ਗੁਰਮੁਖੀ ਦੀ ਸੇਵਾ ਕਰਦੇ ਸਨ। ਰੌਚਕ ਤਥ ਹੈ ਕਿ ਇਕ ਗੈਰ-ਸਿਖ ਸ਼ਾਸਕ, ਝੰਗ ਦੇ ਅਹਿਮਦ ਖਾਂ ਸਿਆਲ ਨੇ ਵੀ ਮਘਿਆਣਾ ਦੇ ਦਰਬਾਰੀ ਸਿੰਘ ਨਾਮਕ ਵਿਅਕਤੀ ਨੂੰ ਇਸ ਕਰਕੇ ਕਰ-ਮੁਕਤ ਭੂਮੀ ਦੇ ਦਿਤੀ ਸੀ ਕਿ ਉਹ ਗੁਰਬਾਣੀ ਵਿਆਖਿਆ ਕਰਦਾ,ਪੜ੍ਹਦਾ ਤੇ ਪੜ੍ਹਾਉਂਦਾ (ਸੰਥਿਆ ਦਿੰਦਾ) ਸੀ। ਕਰ-ਮੁਕਤ ਭੂਮੀ ਦੇਣ ਜਾਂ ਅਨੁਦਾਨ ਦੇਣ ਪਿਛੇ ਇਕ ਮਕਸਦ ਗਰੀਬਾਂ ਨੂੰ ਅਨਾਜ, (ਦੇਸੀ) ਦਵਾਈਆਂ ਆਦਿ ਵੰਡਣਾ ਵੀ ਸੀ। ਅੰਮ੍ਰਿਤਸਰ ਦੇ ਝੰਡਾ ਸਿੰਘ ਭੰਗੀ ਤੇ ਗੁਜਰਾਤ ਦੇ ਗੁਜਰ ਸਿੰਘ, ਸਾਹਿਬ ਸਿੰਘ ਨੇ ਸਿਿਖਆ ਸੰਸਥਾਵਾਂ ਨੂੰ ਇਸ ਕਰਕੇ ਕਰ-ਮੁਕਤ ਭੂਮੀ ਦਿਤੀ, ਕਿਉਂਕਿ ਉਥੇ ਗੁਰਮੁਖੀ ਪੜ੍ਹਾਉਣ ਦਾ ਪ੍ਰਬੰਧ ਸੀ (ਇਬਰਤਨਾਮਾ, ਪੰਨਾ 82)

ਸੰਨ 1773 ਈ. ਦੇ ਕਰੀਬ ਭਾਈ ਸੂਰਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਇਕ ਤਰ੍ਹਾਂ ਸ਼ਹੀਦ ਮਨੀ ਸਿੰਘ ਜੀ ਵਾਲੀ ਜਿੰਮੇਵਾਰੀ ਸੰਭਾਲੀ ਸੀ; ਇਥੇ ਜਿਕਰਯੋਗ ਹੈ ਕਿ ਭਾਈ ਸੂਰਤ ਸਿੰਘ ਨੇ, ਭਾਈ ਮਨੀ ਸਿੰਘ ਦੇ ਵਿਿਦਆਰਥੀ/ਸ਼ਿਸ਼ ਗੁਰਬਖਸ਼ ਸਿੰਘ ਤੋਂ ਸੰਥਿਆ ਲਈ ਸੀ ਅਤੇ ਇਨ੍ਹਾਂ ਦੇ ਵਿਿਦਆਰਥੀ ਭਾਈ ਸੰਤ ਸਿੰਘ, (ਮਹਾਂਕਵੀ) ਭਾਈ ਸੰਤੋਖ ਸਿੰਘ ਦੇ ਵਿਿਦਆ- ਅਧਿਆਪਕ ਸਨ. ਜਿਨ੍ਹਾਂ ਦੇ ਸੂਰਜ ਪ੍ਰਕਾਸ਼ ਤੋਂ ਸਾਰਾ ਸਿਖ ਜਗਤ ਵਿਿਖਆਤ ਹੈ। 'ਕਥਾ ਵਾਲਾ ਬੁੰਗਾ', ਜੋ '84 ਵਿਚ ਢਾਅ ਦਿਤਾ ਗਿਆ, ਇਨ੍ਹਾਂ ਵਿਦਵਾਨਾਂ ਦਾ ਹੀ ਸਦਰੇ-ਮੁਕਾਮ ਸੀ। ਭਾਈ ਗੁਰਦਾਸ-ਮਨੀ ਸਿੰਘ ਸਕੂਲ ਦੀ ਮੌਖਿਕ ਵਿਆਖਿਆ-ਪ੍ਰਣਾਲੀ (ਗਿਆਨਰਤਨਾਵਲੀ ਅਤੇ ਸਿਖਾਂ ਦੀ ਭਗਤਮਾਲਾ)  ਨੂੰ ਲਿਖਤ ਰੂਪ ਵਿਚ ਸਾਂਭਣ ਵਾਲੇ ਭਾਈ ਸੂਰਤ ਸਿੰਘ ਜੀ ਹੀ ਸਨ। ਭਾਈ ਸੂਰਤ ਸਿੰਘ ਦੀਆਂ ਆਪਣੀਆਂ ਵਿਅਖਿਆਤਮਕ ਲਿਖਤਾਂ ਦੇ ਹਵਾਲੇ ('ਭਗਤ ਰਚਨਾਵਲੀ' ਤੇ 'ਓਅੰਕਾਰ ਪ੍ਰਮਾਰਥ') ਵੀ ਮਿਲਦੇ ਸਨ, ਜੋ '84 ਦੀ ਭੇਟ ਚੜ੍ਹ ਚੁਕੇ ਹਨ। ਭਾਈ ਸੂਰਤ ਸਿੰਘ, ਭਾਈ ਮਨੀ ਸਿੰਘ ਤੋਂ ਤੀਜੀ ਥਾਂ ਸਨ ਅਤੇ ਇਹ ਗਿਆਨੀ ਸੰਪ੍ਰਦਾਇ ਦੇ ਰਤਨ ਗਿਆਨੀ ਸੰਤ ਸਿੰਘ ਦੇ ਪਿਤਾ ਸਨ। ਭਾਈ ਮਨੀ ਸਿੰਘ ਤੋਂ ਦੂਜੀ ਥਾਂ ਭਾਈ ਗੁਰਬਖਸ਼ ਸਿੰਘ ਸਨ। ਗਿਆਨਰਤਨਾਵਲੀ ਨੂੰ ਗਿਆਨੀ ਸੂਰਤ ਸਿੰਘ ਨੇ ਭਾਈ ਗੁਰਬਖਸ਼ ਸਿੰਘ ਤੋਂ ਸੁਣਕੇ ਹੀ ਕਾਵਿ ਰੂਪ ਦਿਤਾ ਸੀ ਅਤੇ ਭਾਈ ਗੁਰਬਖਸ਼ ਸਿੰਘ ਨੇ ਭਾਈ ਮਨੀ ਸਿੰਘ ਤੋਂ ਸੁਣਿਆ ਸੀ। ਭਾਈ ਸੂਰਤ ਸਿੰਘ ਦੇ ਅਗੋਂ (ਇਸੇ ਪ੍ਰਣਾਲੀ ਦੇ) ਦੋ ਪੁਤਰ ਹੋਰ ਵੀ ਸਨ, ਜਿਨ੍ਹਾਂ ਦੇ ਨਾਂ ਭਾਈ ਗੁਰਦਾਸ ਸਿੰਘ ਅਤੇ ਭਾਈ ਸੰਤ ਸਿੰਘ ਕਰਕੇ ਆਉਂਦੇ ਹਨ, ਇਹ ਮਹਾਨ ਕਥਾ-ਵਾਚਕ ਅਤੇ ਸੰਥਿਆ ਵਾਚਕ ਹੋਏ ਹਨ। ਗਿ. ਸੰਤ ਸਿੰਘ 'ਬੁੰਗਾ ਕਥਾ ਵਾਲਾ' ਵਿਚ ਵਿਆਖਿਆ, ਕਥਾ ਵਾਰਤਾ ਤੇ ਗੁਰਬਾਣੀ ਸੰਥਿਆ ਦੀ ਸੇਵਾ ਕਰਦੇ ਸਨ। ਗਿ. ਹਰਿੰਦਰ ਸਿੰਘ ਰੂਪ ਦੇ ਸ਼ਬਦਾਂ ਵਿਚ "ਓਦੋਂ (1760-90 ਈ.) ਅੰਮ੍ਰਿਤਸਰ ਖਾਲਸੇ ਦੀ ਕਾਸ਼ੀ ਸੀ ਤੇ ਕਥਾ ਵਾਲਾ ਬੁੰਗਾ ਸਮਝੋ ਪੰਥਕ ਵਿਿਦਆਲਾ"। ਗੁਰਬਾਣੀ ਸੰਥਿਆ ਦੇ ਮਾਰਤੰਡ ਭਾਈ ਸੰਤ ਸਿੰਘ, ਜਿਸ ਦੇ ਦਾਦਾ ਭਾਈ ਰਾਮ ਸਿੰਘ (ਅੰਮ੍ਰਿਤ ਛਕਣ ਤੋਂ ਪਹਿਲਾਂ ਰਾਮ ਚੰਦ) ਨੇ ਸ੍ਰੀ ਦਸਮੇਸ਼ ਜੀ ਦੀ ਹਥੀਂ ਖੰਡੇ ਦੀ ਪਾਹੁਲ ਲਈ ਸੀ ਤੇ ਗੁਰੂ ਜੀ ਨੇ ਖੁਦ ਇਨ੍ਹਾਂ ਨੂੰ ਆਪਦੇ ਇਲਾਕੇ ਚਨਿਓਟ ਵਿਚ ਬਾਣੀ ਕਥਾ ਕਰਨ ਅਤੇ ਪੜ੍ਹਾਉਣ (ਸੰਥਿਆ ਦੇਣ) ਦੀ ਸੇਵਾ ਲਾਈ ਸੀ। ਜਦੋਂ ਇਨ੍ਹਾਂ ਦੇ ਸਪੁਤਰ ਭਾਈ ਸੂਰਤ ਸਿੰਘ ਨੇ ਵਡੇ ਹੋ ਕੇ ਇਹ ਕਾਰਜ ਸੰਭਾਲਿਆ ਤਾਂ ਪੂਰੇ ਇਲਾਕੇ ਵਿਚ ਧੁੰਮ ਪੈ ਗਈ ਸੀ। ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਇਨ੍ਹਾਂ ਅੰਮ੍ਰਿਤਸਰ ਚਾਲੇ ਪਾ ਦਿਤੇ, ਜਿਥੇ ਪੰਜ ਮਿਸਲਾਂ (ਰਾਮਗੜ੍ਹੀਆ, ਆਹਲੂਵਾਲੀਆ, ਭੰਗੀ, ਫੈਜੁਲਪੁਰੀ ਆਤੇ ਕਨ੍ਹਈਆ) ਦਾ ਦਬਦਬਾ ਸੀ। ਸਿਖ ਸਰਦਾਰਾਂ ਵਲੋਂ ਇਨ੍ਹਾਂ ਨੂੰ ਗੁਰਬਾਣੀ ਦੀ ਸੰਥਿਆ ਤੇ ਅਰਥ-ਪ੍ਰਵਾਹ ਤੋਰਨ ਦੀ ਪੂਰੀ ਮਦਦ ਤੇ ਮਾਹੌਲ ਮਿਿਲਆ। ਬਾਅਦ ਵਿਚ ਆਪ ਸ੍ਰੀ ਹਰਿਮੰਦਰ ਸਾਹਿਬ ਵਿਚ ਵੀ ਸੇਵਾ ਕਰਨ ਲਗੇ।

ਭਾਈ ਸੂਰਤ ਸਿੰਘ ਪਿਛੋਂ ਇਨ੍ਹਾਂ ਦੇ ਵਡੇ ਸਪੁਤਰ ਭਾਈ ਗੁਰਦਾਸ ਸਿੰਘ ਜੀ ਨੇ ਇਹੋ ਸੰਥਿਆ ਤੇ ਕਥਾ ਦੀ ਸੇਵਾ ਨਿਭਾਈ (ਭਾਈ ਸਾਹਿਬ ਚੰਦ੍ਰਕਾ 1833 ਈ. ਨਾਂ ਦੇ ਗ੍ਰੰਥ ਵਿਚ ਗਿਆਨੀ ਖਾਨਦਾਨ ਸਮੇਤ ਭਾਈ ਗੁਰਦਾਸ ਸਿੰਘ ਸੰਬੰਧੀ ਵੇਰਵੇ ਸਨ, ਇਸ ਨੂੰ ਭਾਈ ਮੇਘ ਸਿੰਘ, ਭਾਈ ਸੰਤ ਸਿੰਘ ਦੇ ਵਿਿਦਆਰਥੀ ਨੇ ਲਿਿਖਆ ਸੀ, ਇਹ ਅਨਮੋਲ ਰਚਨਾ ਵੀ '84 ਵਿਚ ਦੁਸ਼ਮਣ ਦੇ ਹਮਲੇ ਸਮੇਂ ਨਸ਼ਟ ਹੋ ਗਈ)। ਭਾਈ ਸੂਰਤ ਸਿੰਘ ਦੇ ਛੋਟੇ ਪੁਤਰ ਸੰਤ ਸਿੰਘ ਦੀ ਵਿਦਵਤਾ ਤੇ ਸੇਵਾ ਦਾ ਪ੍ਰਮਾਣ ਇਹ ਸੀ ਕਿ ਭਾਈ ਸੰਤੋਖ ਸਿੰਘ ਵਰਗੇ ਮਹਾਂਕਵੀ, ਭਾਈ ਸੇਵਾ ਸਿੰਘ, ਭਾਈ ਵਿਸਨ ਸਿੰਘ (ਮਹਾਂਕਵੀ ਭਾਈ ਸੰਤੋਖ ਸਿੰਘ ਦੇ ਹਮ-ਜਮਾਤੀ) ਇਸੇ ਦੇ ਹੀ ਵਿਿਦਆਰਥੀ ਸਨ। ਭਾਈ ਵਿਸਨ ਸਿੰਘ ਨੇ ਵੀ ਸੂਰਜ ਪ੍ਰਕਾਸ਼ ਵਾਂਗ ਇਕ ਉਤਮ ਕਿਸਮ ਦੇ ਸਰੋਤ ਗ੍ਰੰਥ ਗਿਆਨ ਰਤਨਾਗਰ ਦੀ ਰਚਨਾ ਕੀਤੀ ਸੀ, ਜਿਹੜੀ ਜੁਗ-ਗਰਦੀਆਂ ਦੀ ਭੇਟ ਚੜ੍ਹ ਗਈ। ਭਾਈ ਕਾਨ੍ਹ ਸਿੰਘ ਨਾਭਾ ਨੇ ਇਨ੍ਹਾਂ ਦੀ ਵੰਸ਼ ਪਰੰਪਰਾ ਨੂੰ ਸਨਮਾਨ ਯੋਗ 'ਗਯਾਨੀ ਵੰਸ਼' ਕਿਹਾ ਹੈ।

ਗਿ. ਹਰਿੰਦਰ ਸਿੰਘ ਰੂਪ ਲਿਖਦੇ ਹਨ ਕਿ "(ਉਸ ਸਮੇਂ) ਪਿੰਡਾਂ ਵਿਚ ਇਕ ਵਡੀ ਇਮਾਰਤ ਬਣਾ ਕੇ ਇਕ ਕੋਠੜੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਇਕ ਦੋ...ਆਏ ਗਏ ਵਾਸਤੇ ਕੋਠੜੀਆਂ ਆਦਿ ਹੁੰਦੀਆਂ...ਡੇਰਿਆਂ ਵਿਚੋਂ ਸਾਧੂਆਂ ਨੂੰ ਪ੍ਰਸ਼ਾਦੇ ਮਿਲ ਜਾਂਦੇ...ਤੇ ਸੰਥਾ ਵੀ ਕਰਾਈ ਜਾਂਦੀ...। ਏਹ ਇਕ ਕਿਸਮ ਦੇ...ਮੁਫਤ ਦੇ ਬੋਰਡਿੰਗ ਹਊਸ ਹਨ।...ਡੇਰਿਆਂ ਵਿਚ ਅਡਣਸ਼ਾਹੀ ਵੀਰ ਰੱਸੇ ਵਟਦੇ ਤੇ ਸਿਆਹੀਆਂ ਵਗੈਰਾ ਬਣਾਉਣੀਆਂ ਦਸਦੇ ਹਨ। ਜੇ ਕੋਈ ਉਦਮੀ ਤੇ ਸਿਆਣਾ ਡੇਰਿਆਂ ਵਲ ਧਿਆਨ ਦੇਵੇ ਤਾਂ... ਏਹਨਾਂ ਨਿਕੇ ਨਿਕੇ ਸ਼ਾਂਤੀ ਨਿਕੇਤਨਾਂ ਦੀ ਇਕ ਵਡੀ ਮਾਲਾ ਬਣ ਸਕਦੀ ਹੈ" ('ਸਾਡੀਆਂ ਧਰਮਸਾਲਾਂ' ਸਿਖ ਤੇ ਸਿਖੀ, ਅੰਮ੍ਰਿਤਸਰ 1947, ਪੰਨਾ 102)। ਵਰਤਮਾਨ ਤਕ ਤਾਂ ਸਾਡੇ ਸੈਂਕੜੇ/ਹਜਾਰਾਂ 'ਸ਼ਾਂਤੀ ਨਿਕੇਤਨ' ਸਮੇਂ ਦੇ ਗਰਭ ਵਿਚ ਗੁਆਚ ਗਏ ਹਨ।

ਉਪਰੋਕਤ ਪ੍ਰਮੁਖ ਟਕਸਾਲਾਂ ਤੋਂ ਬਿਨਾਂ ਵਿਅਕਤੀਗਤ ਰੂਪ ਵਿਚ ਅਤੇ ਧਰਮਸ਼ਾਲਵਾਂ/ਗੁਰਦੁਆਰਿਆਂ ਵਿਚ ਗੁਰਬਾਣੀ ਵਿਆਖਿਆ, ਅਧਿਆਪਨ, ਸੰਥਿਆ, ਉਤਾਰਿਆਂ ਆਦਿ ਦਾ ਕਾਰਜ ਚਲਦਾ ਰਿਹਾ।  18ਵੀਂ ਸਦੀ ਦੇ ਮੁਢ ਤੋਂ ਲੈ ਕੇ ਗੁਰਬਾਣੀ ਦੀ ਛਾਪੇ ਖਾਨੇ (20ਵੀਂ ਸਦੀ ਦੇ ਮੁਢ ਤੇ ਅਗਾਂਹ) ਦੀ ਪ੍ਰਕਾਸ਼ਨਾ ਤਕ ਦੇ ਦੌਰ ਤਕ ਗੁਰਬਾਣੀ ਅਧਿਐਨ, ਸੰਥਿਆ, ਸਾਂਭ-ਸੰਭਾਲ, ਗੁਰਬਾਣੀ ਹਥ ਨਾਲ ਲਿਖ ਕੇ ਵੰਡਣ ਤੇ ਸ਼ਰਧਾ ਸਹਿਤ ਜਗਿਆਸੂ ਲੋਕਾਂ ਤਕ ਪਹੁੰਚਾਉਣ; ਯਥਾਜੋਗ ਅਰਥ-ਪਰਮਾਰਥ ਕਰ ਕੇ ਬਾਣੀ ਦਾ ਭਾਵ ਲੋਕ ਹਿਰਦਿਆਂ ਤਕ ਪਹੁੰਚਾਉਣ ਆਦਿ ਦੀ ਮਹਾਨ ਸੇਵਾ ਜਿਨ੍ਹਾਂ ਗੁਰੂ ਪਿਆਰਿਆਂ ਨੇ ਵਿਅਕਤੀਗਤ ਰੂਪ ਵਿਚ ਕੀਤੀ, ਉਨ੍ਹਾਂ ਵਿਚੋਂ ਕੁਝ ਝਲਕ ਮਾਤਰ ਵੰਨਗੀ ਦੇ ਦੋ-ਚਾਰ ਵੇਰਵੇ ਇਉਂ ਹਨ:

ਭਾਈ ਸ਼ਾਮ ਸਿੰਘ: ਸ੍ਰੀਮਾਨ ਸੰਤ ਭਾਈ ਸ਼ਾਮ ਸਿੰਘ (1818-69 ਈ.), ਪਿੰਡ ਘੀਲ ਕਲਾਂ, ਤਹਿਸੀਲ ਤੇ ਜਿਲ੍ਹਾ ਅਟਕ (ਫਤੇਜੰਗ ਵਿਚ ਚਕਰੀ-ਢੇਰੀ ਤੋਂ ਤਿੰਨ ਮੀਲ ਦੀ ਵਿਥ) ਵਿਚ ਪੈਦਾ ਹੋਏ। ਇਹ ਮੰਗਵਾਲ ਦੇ ਪ੍ਰਸਿਧ ਅਤੇ ਉਚੇ ਸੁਚੇ ਜੀਵਨ ਵਾਲੇ ਪਰਉਪਕਾਰੀ ਸਿਖ ਭਾਈ ਮਲ੍ਹਾ ਸਿੰਘ ਜੀ ਦੇ ਵਿਿਦਆਰਥੀ ਸਨ। ਭਾਈ ਮਲ੍ਹਾ ਜੀ ਦੀ ਆਤਮਿਕ ਅਗਵਾਈ ਤੇ ਹਲਾਸ਼ੇਰੀ ਨਾਲ ਆਪ ਗੁਰਸਿਖੀ ਵਿਚ ਆਏ ਸਨ। ਇਨ੍ਹਾਂ ਭਾਈ ਚੰਦਾ ਸਿੰਘ ਤੋਂ ਗੁਰਬਾਣੀ ਦੇ ਅਰਥ ਬੋਧ ਸਿਖੇ ਤੇ ਖੁਦ ਵੀ ਲਿਖੇ। ਆਪ ਦੇ ਨਿਜੀ ਪੁਸਤਕਾਲੇ (ਜਿਹਲਮ) ਵਿਚ ਸੈਂਕੜੇ ਹਥ-ਲਿਖਤਾਂ ਸਨ, ਜੋ '47 ਵੇਲੇ ਰੁਲ-ਖੁਲ ਗਈਆਂ। ਇਨ੍ਹਾਂ ਦਾ ਡੇਰਾ ਮੰਗਵਾਲ (ਧੁੰਨੀ ਪੋਠੋਹਾਰ ਦੇ ਇਲਾਕੇ) ਵਿਚ ਸੀ, ਜਿਥੇ ਬੈਠ ਕੇ ਇਹ ਗੁਰਬਾਣੀ ਦੇ ਗੁਟਕੇ ਤੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਥ-ਲਿਖਤ ਉਤਾਰੇ ਕਰਦੇ ਤੇ ਪਰਉਪਕਾਰ ਹਿਤ ਵੰਡਦੇ ਹੁੰਦੇ ਸਨ ਅਤੇ ਬਾਕੀ ਦਾ ਲਗਪਗ ਸਾਰਾ ਸਮਾਂ ਗੁਰਬਾਣੀ ਸਿਖਣ/ ਸਿਖਾਉਣ (ਸੰਥਿਆ) ਅਤੇ ਵਿਆਖਿਆ; ਕਥਾ-ਵਾਰਤਾ ਉਤੇ ਲਾਉਂਦੇ ਸਨ। ਪਰਉਪਕਾਰੀ ਸੰਤ ਭਾਈ ਮਲ੍ਹਾ ਸਿੰਘ ਜੀ ਮੰਗਵਾਲ ਤੇ ਉਨ੍ਹਾਂ ਦੇ ਸੰਥਿਆ ਸਕੂਲ ਦੇ ਲਗਪਗ ਹਰੇਕ ਸਾਧੂ ਨੇ ਗੁਰਬਾਣੀ ਸੰਥਿਆ ਤੇ ਕਥਾ ਨੂੰ ਆਪਣਾ ਧਰਮ-ਕਰਮ ਬਣਾਈ ਰਖਿਆ।

ਭਾਈ ਆਸਾ ਰਾਮ ਜੀ: ਸੇਵਾ ਪੰਥੀ ਸਾਧੂਆਂ ਦੇ ਗੁਰਬਾਣੀ ਲਿਖਣ ਦੀ ਮਹਾਨ ਸੇਵਾ ਬਾਰੇ ਮਿਲਦੇ ਅਨੇਕ ਵੇਰਵਿਆਂ ਵਿਚੋਂ ਇਕ ਵੇਰਵੇ ਅਨੁਸਾਰ ਇਕ ਵਾਰ ਸੇਵਾ ਪੰਥ ਦੇ ਅਨਮੋਲ ਹੀਰੇ ਭਾਈ ਆਸਾ ਰਾਮ ਜੀ ਨੇ ਕਿਤੇ ਜਰੂਰੀ ਜਾਣਾ ਸੀ, ਪਰ ਅਚਾਨਕ ਇਕ ਜਗਿਆਸੂ ਆ ਗਿਆ, ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਸੀ, ਪਰ ਪੋਥੀ ਕਿਤੋਂ ਪ੍ਰਾਪਤ ਨਹੀਂ ਸੀ ਹੁੰਦੀ। ਭਾਈ ਸਾਹਿਬ ਨੇ ਤੁਰੰਤ, ਜਾਣਾ ਵਿਚੇ ਛਡ ਕੇ ਪਹਿਲਾਂ ਕਾਗਜ਼ ਸਿਆਹੀ ਦਾ ਪ੍ਰਬੰਧ ਕੀਤਾ ਤੇ ਫਿਰ ਇਕਲ ਵਿਚ ਬੈਠ ਕੇ ਦੂਜੀ ਸ਼ਾਮ ਤਕ ਪੂਰੇ ਸੁਖਮਨੀ ਸਾਹਿਬ ਦਾ ਉਤਾਰਾ ਕਰਕੇ ਜਗਿਆਸੂ ਨੂੰ ਭੇਟ ਕਰ ਦਿਤਾ।

ਭਾਈ ਰਾਮ ਕਿਸਨ ਜੀ: ਅਜਿਹੇ ਹੀ ਪਰਉਕਾਰੀ ਮਹਾਂਪੁਰਖ ਭਾਈ ਰਾਮ ਕਿਸਨ ਜੀ ਵੀ ਸਨ। ਭਾਈ ਵੀਰ ਸਿੰਘ (ਸੰਤ ਗਾਥਾ, ਅੰਮ੍ਰਿਤਸਰ, 1938, ਪੰਨਾ ôù) ਲਿਖਦੇ ਹਨ ਕਿ ਇਨ੍ਹਾਂ ਦਾ ਰੋਜਾਨਾ ਨਿਤਨੇਮ ਸੀ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਨਾਮ ਜਪਣਾ ਤੇ ਫਿਰ ਬਾਣੀ ਪੜ੍ਹਨ ਉਪਰੰਤ ਆਸਾ ਕੀ ਵਾਰ ਦਾ ਕੀਰਤਨ ਕਰਕੇ ਜਾਂ ਸੁਣਕੇ ਕਰੀਬਨ 8-ਕੁ ਵਜੇ ਕਥਾ ਉਪਰੰਤ ਲੰਗਰ ਪਾਣੀ ਤੋਂ ਵਿਹਲੇ ਹੋ ਕੇ ਅਰਾਮ ਕਰਨਾ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਰ ਭਰ ਲਿਖਾਈ ਕਰਦੇ ਰਹਿਣਾ ਅਤੇ ਰਹਿੰਦੇ ਸਮੇਂ ਬਾਣੀ ਦੀ ਬੱਚਿਆਂ ਜਾਂ ਜਗਿਆਸੂਆਂ ਨੂੰ ਸੰਥਿਆ ਦਿੰਦੇ ਰਹਿਣਾ। ਇਨ੍ਹਾਂ ਦੇ ਪ੍ਰਮੁਖ ਸ਼ਿਸ਼ ਭਾਈ ਲੁੜੀਂਦਾ ਰਾਮ ਜੀ ਸਨ, ਜਿਹੜੇ ਡੇਰੇ ਦਾ ਪ੍ਰਬੰਧ ਵੀ ਕਰਦੇ, ਸੰਥਿਆ ਵੀ ਦਿੰਦੇ ਅਤੇ ਆਏ-ਗਏ ਦੀ ਸੇਵਾ ਦੇ ਨਾਲ-ਨਾਲ ਗੁਰਬਾਣੀ ਲਿਖਾਈ ਦੀ ਸੇਵਾ ਵੀ ਬੜੇ ਚਾਉ ਨਾਲ ਕਰਦੇ ਸਨ। ਸ਼ਾਹਪੁਰ ਡੇਰੇ ਵਿਚ ਇਨ੍ਹਾਂ ਦੁਆਰਾ ਲਿਖੀਆਂ ਕਈ ਬੀੜਾਂ ।1947 ਤੋਂ ਪਹਿਲਾਂ॥ ਮੌਜੂਦ ਸਨ। ਇਸੇ ਤਰ੍ਹਾਂ ਭਾਈ ਆਸਾਨੰਦ ਦਾ ਜਿਕਰ ਵੀ ਮਿਲਦਾ ਹੈ। ਸ਼ਾਹਪੁਰ ਡੇਰੇ ਵਿਚ ਸੰਥਿਆ ਤੇ ਵਿਆਖਿਆ ਦਾ ਕਾਰਜ ਲਗਪਗ ਸਾਰਾ ਦਿਨ ਚਲਦਾ ਸੀ।

ਬਾਵਾ ਸੰਤੋਖ ਦਾਸ ਜੀ: ਇਹ ਮਹਾਤਮਾ, ਉਦਾਸੀ ਸਾਧੂ ਸਨ, ਇਨ੍ਹਾਂ ਨੇ ਬਟਾਲੇ ਲਾਗੇ ਚਾਹਲੀ ਪਿੰਡ ਦੇ ਡੇਰੇ ਵਿਚ ਲੰਮਾ ਸਮਾਂ ਗੁਰਬਾਣੀ ਸੰਥਿਆ ਅਤੇ ਕਥਾ-ਵਾਰਤਾ ਦਾ ਪ੍ਰਵਾਹ ਚਲਾਈ ਰਖਿਆ। ਪਟਨੇ ਵਿਖੇ ਪਏ 1902 ਈ. ਦੇ ਇਕ ਹਥ-ਲਿਖਤ ਸਰੂਪ ਵਿਚ ਇਨ੍ਹਾਂ ਵਲੋਂ ਸੂਚਨਾ ਦਰਜ ਹੈ ਕਿ ਦਰਬਾਰ ਸਾਹਿਬ’ (ਸ੍ਰੀ ਗੁਰੂ ਗ੍ਰੰਥ ਸਾਹਿਬ) ਲਿਖ ਕੇ ਹੋਰ ਕਿਥੇ-ਕਿਥੇ ਭੇਜੇ ਹਨ, ਸਥਾਨ ਕਿਹੜਾ ਹੈ, ਉਹ ਖੁਦ ਕਿਥੇ ਦੇ ਰਹਿਣ ਵਾਲੇ ਹਨ; ‘ਦਰਬਾਰ ਸਾਹਿਬਦੀਆਂ ਲਿਖਤਾਂ ਜਿਥੇ ਭੇਜੀਆਂ ਹਨ, ਉਨ੍ਹਾਂ ਥਾਵਾਂ ਵਿਚੋਂ ਇਕ ਹਜ਼ੂਰ ਸਾਹਿਬ ਨਾਂਦੇੜ ਵੀ ਹੈ, ਨਾਂਦੇੜ ਸਾਹਿਬ ਤੋਂ ਮਿਲਦੇ 1901 ਈ. ਦੇ ਸਰੂਪ ਵਿਚ ਵੀ ਉਹੀ ਸੂਚਨਾ ਮਿਲਦੀ ਹੈ।

ਪੰਜਾਬ ਵਿਚਲੇ 19ਵੀਂ ਸਦੀ ਦੇ ਆਖਰੀ ਤੇ 20ਵੀਂ ਸਦੀ ਦੇ ਮੁਢਲੇ ਕੁਝ ਦਹਾਕਿਆਂ ਵਾਲੇ ਸਮੇਂ ਦੇ ਇਤਿਹਾਸ ਵਿਸ਼ੇਸ਼ ਕਾਲ ਨੂੰ ਲਹਿਰ-ਕਾਲਦੇ ਨਾਮਕਰਨ ਹੇਠ ਰਖਿਆ ਜਾ ਸਕਦਾ ਹੈ, ਕਿਉਂਕਿ ਇਸ ਸਮੇਂ ਦੌਰਾਨ ਦਾ ਸਮਾਜਿਕ, ਧਾਰਮਿਕ ਜਾਂ ਰਾਜਸੀ ਵਾਤਾਵਰਣ ਨਿਰੰਕਾਰੀ, ਨਾਮਧਾਰੀ, ਸਿੰਘ ਸਭਾ ਅਦਿ ਲਹਿਰਾਂ ਦੇ ਉਥਾਨ, ਵਿਕਾਸ, ਕਾਰਜ ਜਾਂ ਪਤਨ ਨਾਲ ਭਰਪੂਰ ਹੈ। ਇਨ੍ਹਾਂ ਲਹਿਰਾਂ ਵਿਚੋਂ ਵੀ ਸਿਖ ਅਵਚੇਤਨ ਦੀ ਪੁਨਰ-ਜਾਗਰਤੀ ਨਾਲ ਵਿਸ਼ੇਸ਼ ਸੰਬੰਧ ਰਖਦੀ ਲਹਿਰ, ਸਿੰਘ ਸਭਾ ਲਹਿਰ ਹੈ, ਜਿਸ ਦੇ ਜਾਰੀ ਅਮਲ ਦੀ ਨਿਰੰਤਰਤਾ ਵਿਚ ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ (ਬਬਰ ਅਕਾਲੀ ਤੇ ਗੁਰਦੁਆਰਾ ਸੁਧਾਰ) ਆਦਿ ਵੀ ਸ਼ਾਮਿਲ ਹਨ। ਗੁਰਬਾਣੀ ਵਿਆਖਿਆ ਦਾ ਇਕ ਨਵਾਂ ਤੇ ਵਿਉਂਤਬਧ ਢੰਗ ਇਸੇ ਲਹਿਰ ਦੁਆਰਾ ਸਿਰਜੀ ਪੁਨਰ-ਜਾਗਰਤੀ ਦੀ ਚੇਤਨਾ ਵਿਚ ਹੋਂਦ ਗ੍ਰਹਿਣ ਕਰਦਾ ਹੈ, ਜਿਵੇਂ ਉਦਾਹਰਨ ਵਜੋਂ ਸ਼ਬਦਾਰਥ ਸ੍ਰੀ ਗੁਰੂ ਗੰਥ ਸਾਹਿਬ  (1941-44) ਦੇ ਤਿਆਰ ਹੋਣ ਨਾਲ ਗੁਰਬਾਣੀ ਵਿਆਖਿਆ, ਸੰਥਿਆ ਅਤੇ ਅਧਿਐਨ ਵਿਚ ਜਿਕਰਯੋਗ ਤਬਦੀਲੀ ਵਾਪਰਦੀ ਹੈ, ਇਸ ਵਿਚ ਕੇਵਲ ਇਜ਼ਾਫਾ ਹੀ ਨਹੀਂ ਹੁੰਦਾ, ਬਲਕਿ ਗੁਣਾਤਮਕਤਾ ਵਿਚ ਵੀ ਵਾਧਾ ਹੁੰਦਾ ਹੈ। ਵਸਤੂ-ਸਥਿਤੀ ਤਾਂ ਇਹ ਹੈ ਕਿ ਹੁਣ ਜੋ ਵੀ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਟੀਕ ਮਿਲਦੇ ਹਨ, ਲਗਪਗ ਸਾਰੇ ਸਿੰਘ ਸਭਾ ਦੀ ਬਦੌਲਤ ਹਨ। ਮੁਖ ਗੱਲ ਇਹ ਵੀ ਹੈ ਕਿ ਗੁਰਬਾਣੀ ਦੀ ਵਿਆਖਿਆ ਹੁਣ ਮੌਖਿਕ ਰੂਪ ਦੇ ਨਾਲ ਨਾਲ ਸੁਦ੍ਰਿੜ੍ਹ ਲਿਖਤ ਦਾ ਰੂਪ ਵੀ ਹਾਸਿਲ ਕਰਦੀ ਹੈ।

ਜਦੋਂ ਸਿੰਘ ਸਭਾ ਅੰਮ੍ਰਿਤਸਰ ਦੀ ਸਥਾਪਨਾ (1873) ਹੋਈ, ਤਾਂ ਬਾਣੀ-ਵਿਆਖਿਆ ਦੇ ਖੇਤਰ ਵਿਚ ਪੰਡਿਤ ਤਾਰਾ ਸਿੰਘ ਨਰੋਤਮ ਦਾ ਗੁਰੁ-ਗਿਰਾਰਥ ਕੋਸ਼, ਗਿ. ਹਜ਼ਾਰਾ ਸਿੰਘ ਦਾ ਗੁਰੂ ਗ੍ਰੰਥ ਕੋਸ਼ ਤੇ ਡਾ. ਚਰਨ ਸਿੰਘ ਦੇ ਬਾਣੀ-ਬਿਉਰਾ ਦੀ ਪ੍ਰਕਾਸ਼ਨਾ ਦੇ ਨਾਲ ਨਾਲ ਸੰਸਥਾ ਮੂਲਕ ਕਾਰਜ ਫਰੀਦ ਕੋਟੀ ਟੀਕਾ  (1883 ਈ.) ਪ੍ਰਕਾਸ਼ ਵਿਚ ਆਇਆ। ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ (1892) ਵਿਚਾਰਾਧੀਨ ਲਹਿਰ ਦੀ ਅਕਾਦਮਿਕ/ਵਿਿਦਅਕ ਪ੍ਰਾਪਤੀ ਦੀ ਸਿਖਰ ਕਹੀ ਜਾ ਸਕਦੀ ਹੈ, ਜਿਸ ਤਹਿਤ ਸਿਖ ਅਕਾਦਮਿਕਤਾ ਨੂੰ ਸੰਸਥਾ ਮੂਲਕ ਢੋਈ ਮਿਲ ਗਈ ਅਤੇ ਇਸ ਨਾਲ ਪਰੰਪਰਕ, ਸੰਸਥਾਗਤ ਤੇ ਪਛਮੀ ਵਿਿਦਆ ਦੀ ਸਾਂਝੀ ਪਹੁੰਚ ਵਿਚ, ਕਈ ਨਵੇਂ ਪ੍ਰਤੀਮਾਨ ਸਥਾਪਤ ਹੋਏ, ਜਿਨ੍ਹਾਂ ਵਿਚੋਂ ਇਕ ਬਾਣੀ ਦੀ ਨਵੇਂ ਢੰਗਾਂ ਅਨੁਸਾਰ ਵਿਆਖਿਆ ਕਰਨਾ ਵੀ ਸੀ। ਇਸ ਸਮੇਂ ਦੀ ਸਿਖ ਵਿਦਵਤਾ (ਸ਼ਕਿਹ ਸ਼ਚਹੋਲੳਰਸਹਿਪ), ਇਤਿਹਾਸਕਾਰੀ ਰਾਹੀਂ ਲੰਮੇ ਅੰਤਰਾਲ ਬਾਅਦ ਵਿਅਕਤੀਆਂ, ਸਥਾਨਾਂ, ਘਟਨਾਵਾਂ ਦੀ ਨਿਰੰਤਰ ਭਾਲ ਦੇ ਨਾਲ-ਨਾਲ ਸਿਖ ਪਛਾਣ ਦੇ ਸਭਿਆਚਾਰਕ ਅਵਚੇਤਨ ਦਾ ਪੁਨਰ-ਸਿਰਜਣ ਕਰਦੀ ਰਹੀ ਤੇ ਇਸ ਸਿਰਜਣਾ ਦਾ ਸੰਥਿਆ, ਇਤਿਹਾਸ, ਰਹਿਤ ਤੇ ਵਿਆਖਿਆਕਾਰੀ ਪ੍ਰਮੁਖ ਸਾਧਨ ਬਣੇ। ਇਸ ਸਮੇਂ, ਜਿਵੇਂ ਪਹਿਲਾਂ ਕਿਹਾ ਗਿਆ ਹੈ, ਗੁਰਬਾਣੀ ਵਿਆਖਿਆ ਦੇ ਢੰਗਾਂ ਵਿਚ ਗੁਣਾਤਮਕ ਤੇ ਗਿਣਾਤਮਕ ਤਬਦੀਲੀ ਵਾਪਰੀ।

ਅਗਾਂਹ ਆ ਕੇ ਸਠਵਿਆਂ ਵਿਚ ਸ਼ਤਾਬਦੀਆਂ ਕਾਰਨ ਗੁਰਬਾਣੀ ਵਿਆਖਿਆ ਦੇ ਕਈ ਨਵੇਂ ਅਧਿਆਏ ਖੁੱਲ੍ਹੇ, ਜਿਨ੍ਹਾਂ ਵਿਚੋਂ ਵਿਸ਼ਵ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਇਕ ਵਿਸ਼ੇਸ਼ ਰੂਪ ਵਿਚ ਰਖਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ ਸਿਖੀ ਦੇ ਅਨਿਕ ਪ੍ਰਕਾਰੀ ਹੋਰ ਅਧਿਐਨ ਖੇਤਰ ਵੀ ਸ਼ਾਮਿਲ ਹਨ। ਇਸ ਸੰਬੰਧੀ ਕੁਝ ਸਰਵੇਖਣ ਪ੍ਰੋ. ਹਰਬੰਸ ਸਿੰਘ Scholarly Study of Sikhism’ (The Journal of Religious Studies, Autumn, 1970) ; ਡਾ. ਹਰਨਾਮ ਸਿੰਘ ਸ਼ਾਨ Scholarly Study of Sikhism’ (Department of Guru Nanak Sikh Studies, Panjab University, Chandigarh, 1974) ; ਗੋਬਿੰਦ ਸਿੰਘ ਮਨਸੁਖਾਨੀ A Survey of Sikh Studies and Sikh Centers in the west’ (History and Culture of Panjab, ed., Mohinder Singh, Atlantic Publishers and Distributors, New Delhi, 1988, pp. 298-307.) ਆਦਿ ਨੇ ਕੀਤੇ ਹਨ।

ਗੁਰਬਾਣੀ ਵਿਆਖਿਆ ਦਾ ਸੁਭਾਅ

ਗੁਰਬਾਣੀ ਵਿਆਖਿਆ ਦੇ ਉਕਤ ਪੰਜ-ਕੁ ਸੌ ਸਾਲ ਲੰਮੇ ਅੰਤਰਾਲ (1604– ਵਰਤਮਾਨ) ਦੇ ਸਤਹੀ ਸਰਵੇਖਣ ਉਪਰੰਤ ਸਾਨੂੰ ਕੁਝ ਮੁਖ ਲਛਣ ਤੇ ਪੜਾਅ, ਹੇਠ ਲਿਖੇ ਅਨੁਸਾਰ ਪ੍ਰਾਪਤ ਹੁੰਦੇ ਹਨ:

(1) ਗੁਰਬਾਣੀ ਅਧਿਐਨ ਦੇ ਪਹਿਲੇ ਪੜਾਅ ਦਾ ਸੁਭਾਅ ਇਤਿਹਾਸਕ ਹੈ। ਇਤਿਹਾਸਕ-ਕਾਲ ਵਿਚ ਇਹ ਸਮਾਂ ਗੁਰਬਾਣੀ ਸੰਪਾਦਨ-ਕਾਲ (1604) ਤੋਂ ਸ਼ੁਰੂ ਕਰਕੇ ਉਨ੍ਹੀਵੀਂ ਸਦੀ ਦੇ ਪਿਛਲੇਰੇ ਅਧ (1850-70) ਤਕ ਫੈਲਿਆ ਹੋਇਆ ਹੈ। ਇਸ ਸਮੇਂ ਦੌਰਾਨ ਪ੍ਰਾਪਤ ਹੁੰਦੇ ਅਧਿਐਨ; ਬਾਣੀ ਸੰਕਲਨ, ਸੰਪਾਦਨ, ਬਾਣੀਕਾਰਾਂ ਦੀ ਜੀਵਨੀ, ਮਹਿਮਾ, ਗੁਰਿਆਈ ਆਦਿ ਨਾਲ ਸੰਬੰਧਿਤ ਹਨ ਅਤੇ ਇਸ ਸੰਬੰਧੀ ਪ੍ਰਮਾਣ ਸਿਖ ਇਤਿਹਾਸ ਦੇ ਗੁਰਮੁਖੀ ਸਰੋਤਾਂ, ਜਿਹਾ ਕਿ ਜਨਮਸਾਖੀਆਂ (ਪੁਰਾਤਨ ਜਨਮਸਾਖੀ, ਜਨਮਸਾਖੀ ਬਾਲਾ, ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ: ਸੋਢੀ ਮਿਹਰਬਾਨ ਜੀ; ਹਰਿ ਜੀ; ਚਤੁਰਭੁਜ, ਗਿਆਨਰਤਨਾਵਲੀ ਆਦਿ), ਗੁਰਬਿਲਾਸਾਂ (ਸੈਨਾਪਤਿ, ਸ੍ਰੀ ਗੁਰੁ ਸੋਭਾ, ਭਾਈ ਭਗਤ ਸਿੰਘ, ਗੁਰਬਿਲਾਸ ਪਾ. ö, ਕੁਇਰ ਸਿੰਘ, ਗੁਰਬਿਲਾਸ ਪਾ. ñ0, ਸੁਖਾ ਸਿੰਘ, ਗੁਰਬਿਲਾਸ ਪਾ. ñ0 ਆਦਿ), ਪੰਥ ਪ੍ਰਕਾਸ਼ਾਂ (ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ਼, ਗਿ. ਗਿਆਨ ਸਿੰਘ, ਸ੍ਰੀ ਗੁਰੁ ਪੰਥ ਪ੍ਰਕਾਸ਼, ਆਦਿ), ਗੁਰੁ-ਪ੍ਰਣਾਲੀਆਂ (ਬੰਸਾਵਲੀਨਾਮਾਗੁਰਰਤਨਾਵਲੀ) ਆਦਿ ਵਿਚ ਪ੍ਰਾਪਤ ਹੁੰਦੇ ਹਨ।

ਬਾਣੀ ਅਧਿਐਨ ਦਾ ਦੂਜਾ ਪੜਾਅ ਵਿਆਖਿਆਕਾਰੀ ਨਾਲ ਸੰਬੰਧਿਤ ਹੈ। ਇਸ ਵਿਚ ਟੀਕੇ, ਭਾਸ਼, ਕੋਸ਼, ਪ੍ਰਯਾਇ, ਤਤਕਰੇ, ਉਥਾਨਕਾਵਾਂ ਆਦਿ ਸ਼ਾਮਿਲ ਹਨ। ਇਤਿਹਾਸਕ ਕਾਲ ਦੀ ਦ੍ਰਿਸ਼ਟੀ ਤੋਂ ਇਸ ਅਧਿਐਨ ਦਾ ਸਮਾਂ ਨਿਸ਼ਚਿਤ ਕਰਨਾ ਔਖਾ ਹੈ, ਕਿਉਂਕਿ ਇਹ ਕਾਰਜ ਸੰਪਾਦਨ-ਕਾਲ ਤੋਂ ਵਰਤਮਾਨ-ਕਾਲ ਤਕ ਕਈ ਰੂਪਾਂ ਵਿਚ ਜਾਰੀ ਹੈ।

ਤੀਜਾ ਪੜਾਅ ਸਿੰਘ ਸਭਾ ਲਹਿਰ ਦੀ ਅਰੰਭਤਾ ਨਾਲ ਅੰਕਿਆ ਜਾ ਸਕਦਾ ਹੈ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁਢਲੀ ਜਾਣਕਾਰੀ ਤੇ ਬਾਣੀ-ਬਿਉਰੇ ਤਿਆਰ ਹੋਏ । ਇਤਿਹਾਸਕ-ਮਿਿਥਹਾਸਕ ਸੰਕੇਤਾਂ ਦੇ ਕੋਸ਼ ਬਣੇ । ਆਧੁਨਿਕ ਟੀਕਾਕਾਰੀ ਤੇ ਤੁਲਨਾਤਮਿਕ ਅਧਿਐਨਾਂ ਦਾ ਮੁਢ ਵੀ ਇਸ ਸਮੇਂ ਬਝਿਆ। ਸੰਥਯਾ (ਭਾਈ ਵੀਰ ਸਿੰਘ), ਸ਼ਬਦਾਰਥ (ਪ੍ਰਿੰ. ਤੇਜਾ ਸਿੰਘ), ਦਰਪਣ (ਪ੍ਰੋ. ਸਾਹਿਬ ਸਿੰਘ) ਜਿਹੇ ਸਟੀਕ ਇਸ ਸਮੇਂ ਹੀ ਅਰੰਭ/ਤਿਆਰ ਹੋਏ।

ਇਸੇ ਸਮੇਂ ਦੌਰਾਨ ਗੁਰਬਾਣੀ ਵਿਆਖਿਆ ਦਾ ਇਕ ਭਾਗ ਸਾਹਿਤਕ ਸੁਭਾ ਦਾ ਹੈ, ਜਿਸ ਵਿਚ ਭਾਸ਼ਾ, ਲਿਪੀ, ਬਣਤਰ, ਛੰਦ, ਸ਼ੈਲੀ, ਲੋਕ/ਸਾਹਿਤਕ ਕਾਵਿ-ਰੂਪਾਂ ਆਦਿ ਦੇ ਅਧਿਐਨਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਸੁਤੰਤਰ ਪ੍ਰਾਪਤ ਕਾਰਜਾਂ (ਜਿਵੇਂ ਡਾ. ਤਾਰਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਇਤਿਹਾਸ) ਤੋਂ ਬਿਨਾਂ ਇਹ ਅਧਿਐਨ ਪੰਜਾਬੀ (ਕਿਤੇ ਕਿਤੇ ਹਿੰਦੀ) ਸਾਹਿਤ ਦੀ ਇਤਿਹਾਸਕਾਰੀ ਵਿਚ ਸ਼ਾਮਿਲ ਹੋਏ।

ਸਿਖ ਜਗਤ ਵਿਚ ਸ਼ਤਾਬਦੀਆਂ ਮਨਾਉਣ (ਪਹਿਲੀ ਸ਼ਤਾਬਦੀ 1666 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ) ; ਯੂਨੀਵਰਸਿਟੀਆਂ ਜਾਂ ਹੋਰ ਸੰਸਥਾਵਾਂ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਗੁਰੂ ਨਾਨਕ ਫਾਉਂਡੇਸ਼ਨ ਦਿੱਲੀ) ਆਦਿ ਦੇ ਹੋਂਦ ਵਿਚ ਆਉਣ ਨਾਲ ਗੁਰਬਾਣੀ ਵਿਆਖਿਆ ਦਾ ਝੁਕਾਅ ਅਕਾਦਮਿਕ ਹੋ ਗਿਆ ਤੇ ਕਾਫੀ ਮਾਤਰਾ ਵਿਚ ਉਪਾਧੀ-ਸਾਪੇਖ ਖੋਜ ਸ਼ੁਰੂ ਹੋਈ। ਇਤਿਹਾਸਕ ਕਾਲ ਵਿਚ ਇਹ ਸਮਾਂ ਅਸੀਂ 1969 ਈ. ਨੂੰ ਮਨਾਈ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਪ੍ਰਕਾਸ਼ ਸ਼ਤਾਬਦੀ ਤੋਂ ਵਰਤਮਾਨ ਤਕ ਦਾ ਨਿਰਧਾਰਤ ਕਰ ਸਕਦੇ ਹਾਂ। ਸਰੂਪ ਵਜੋਂ ਇਸ ਕਾਲ ਦੀ ਬਾਣੀ ਵਿਆਖਿਆ ਨੂੰ ਸਿਧਾਂਤਕ ਅਧਿਐਨ ਕਿਹਾ ਜਾ ਸਕਦਾ ਹੈ, ਕਿਉਂਕਿ ਵਧੇਰੇ ਕਾਰਜ ਇਸੇ ਸੁਭਾਅ ਦੇ ਹੋਏ।

ਇਸ ਸੰਖੇਪ ਸਰਵੇਖਣ ਤੋਂ ਇਹ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਗੁਰਬਾਣੀ ਵਿਆਖਿਆ/ ਅਧਿਐਨ ਆਪਣੇ ਆਪ ਵਿਚ ਇਕ ਪਰੰਪਰਾ ਹੈ ਤੇ ਇਸ ਦਾ ਮਾਣਯੋਗ ਇਤਿਹਾਸ ਹੈ। ਸਾਡੇ ਸਮਕਾਲ ਵਿਚ ਗੁਰਬਾਣੀ ਵਿਆਖਿਆ ਦਾ ਮੁਖ ਝੁਕਾਅ ਅਨੁਵਾਦਾਂ ਦੇ ਰੂਪ ਵਿਚ ਵਧੇਰੇ ਸਾਹਮਣੇ ਆ ਰਿਹਾ ਹੈ । ਗੁਰਬਾਣੀ ਅਨੁਵਾਦਾਂ ਨੂੰ ਸੁਤੰਤਰ ਰੂਪ ਵਿਚ ਮੁਲੰਕਣ ਦੀ ਲੋੜ ਹੈ। ਡਾ. ਧਰਮ ਸਿੰਘ ਦੇ ਲੇਖ English Translations of The Guru Granth Saihb’ (Abstracts of Sikh Studies, Vol XIX, Issue 4,  ed. Prof. Kulwant Singh , Institute of Sikh Studies, Chandigarh, Oct-Dec 2017, pp.7-22, ਵਿਚ ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦਾਂ ਬਾਰੇ ਸਧਾਰਨ ਚਰਚਾ ਹੈ। ਇਸ ਤਰ੍ਹਾਂ ਦੇ ਦੋ ਹੋਰ ਖੋਜ ਪਰਚੇ  ਡਾ. ਨਿਰਵਿਕਾਰ ਸਿੰਘ ਦਾ The Challenge of Translating of Guru Granth Saihbਅਤੇ ਡਾ. ਹਰਬੰਸ ਲਾਲ ਦਾ Translation of Guru Granth Saihb with Difference’ (Abstracts of Sikh Studies, Vol XX, Issue 2,  ed., Prof. Kulwant Singh, Institute of Sikh Studies, Chandigarh, Apr-June 2018 ਦੇ ਹਨ। ਇਨ੍ਹਾਂ ਪਰਚਿਆਂ ਵਿਚ ਕਿਤੇ ਕਿਤੇ ਗੁਰਬਾਣੀ ਦੇ ਦਾਰਸ਼ਨਿਕ ਸੰਕਲਪਾਂ ਦੇ ਕੀਤੇ ਗਏ ਅਨੁਵਾਦਾਂ ਉਤੇ ਸਧਾਰਣ ਟਿਪਣੀਆਂ ਹਨ।

 

¤

   

 

BACK


©Copyright Institute of Sikh Studies, 2023, All rights reserved.